ਆਪਣੀ ਐਪਲ ਡਿਵਾਈਜ਼ ਦੇ ਸਾਫਟਵੇਅਰ ਨੂੰ ਹੁਣੇ ਕਰੋ ਅਪਡੇਟ, ਨਹੀਂ ਤਾਂ !

07/23/2016 5:46:18 PM

ਜਲੰਧਰ : ਸਿਸਕੋ ਦੇ ਇਕ ਰਿਸਰਚਰ ਨੇ ਆਈ. ਓ. ਐੱਸ., ਓ. ਐੱਸ. ਐਕਸ, ਟੀ. ਵੀ. ਓ. ਐੱਸ. ਅਤੇ ਵਾਚ ਓ. ਐੱਸ. ਵਿਚ ਮੌਜੂਦ ਵੱਡੀ ਕਮੀ ਦਾ ਖੁਲਾਸਾ ਕੀਤਾ ਹੈ । ਇਸ ਕਮੀ ਦੇ ਕਾਰਨ ਇਨ੍ਹਾਂ ਆਪ੍ਰੇਟਿੰਗ ਸਿਸਟਮਜ਼ ਉੱਤੇ ਮਾਲਵੇਅਰ ਅਟੈਕ ਦਾ ਖ਼ਤਰਾ ਵੱਧ ਗਿਆ ਹੈ ਜਿਸ ਨੂੰ ਇਕ ਇਮੇਜ ਫਾਇਲ ਵਿਚ ਇੰਬੇਡ ਕੀਤਾ ਗਿਆ ਹੈ । ਇਸ ਮਾਲਵੇਅਰ ਦੀ ਪਛਾਣ ਨਾ ਹੋਈ ਤਾਂ ਹਮਲਾ ਕਰਨ ਵਾਲਾ ਸ਼ਖਸ ਪ੍ਰਭਾਵਿਤ ਡਿਵਾਇਸ ਉੱਤੇ ਰਿਮੋਟ ਕੋਡ ਐਗਜ਼ੀਕਿਊਸ਼ਨ ਪਾ ਲਵੇਗਾ।

 

ਸਿਸਕੋ ਟੈਲੋਸ ਦੇ ਟਾਇਲਰ ਬੋਹਨ ਨੇ ਕਿਹਾ ਕਿ ਯੂਜ਼ਰ ਇਸ ਫਾਈਲ ਨੂੰ ਐੱਮ. ਐੱਮ. ਐੱਸ. ਜਾਂ ਈਮੇਲ ਦੇ ਜ਼ਰੀਏ ਰੀਸੀਵ ਕਰ ਸਕਦੇ ਹਨ, ਜਾਂ ਫਿਰ ਸ਼ੱਕੀ ਪੇਜ ਉੱਤੇ ਜਾਣ ''ਤੇ ਵੀ ਇਹ ਸਿਸਟਮ ਉੱਤੇ ਵੀ ਆ ਸਕਦਾ ਹੈ। ਟਿਫ (ਟੈਗਡ ਇਮੇਜ ਫਾਈਲ ਫਾਰਮੇਟ), ਬੀ. ਐੱਮ. ਪੀ., ਡੀ. ਏ. ਈ. ਇਮੇਜ ਫਾਰਮੇਟ ਦੇ ਜ਼ਰੀਏ ਆਪ੍ਰੇਟਿੰਗ ਸਿਸਟਮ ਦੀਆਂ ਕਮੀਆਂ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ । ਟਿਫ ਅਤੇ ਬੀ. ਐੱਮ. ਪੀ. ਫਾਰਮੇਟ ਓ. ਐੱਸ. ਐਕਸ, ਆਈ. ਓ. ਐੱਸ, ਵਾਚ ਓ. ਐੱਸ. ਅਤੇ ਟੀ. ਵੀ. ਓ. ਐੱਸ. ਨੂੰ ਪ੍ਰਭਾਵਿਤ ਕਰ ਸਕਦੇ ਹਨ ।

 

ਐੱਪਲ ਦੇ ਇਨ੍ਹਾਂ ਆਪ੍ਰੇਟਿੰਗ ਸਿਸਟਮ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਲਈ ਚੰਗੀ ਗੱਲ ਇਹ ਹੈ ਕਿ ਕੰਪਨੀ ਨੇ ਲੇਟੈਸਟ ਵਰਜ਼ਨ ਆਈ. ਓ. ਐੱਸ 9. 3.3, ਓ. ਐੱਸ. ਐਕਸ ਈ. ਆਈ. ਕੈਪਿਟਾਨ ਵੀ10.11.6., ਟੀ. ਵੀ. ਓ. ਐੱਸ. 9. 2. 2 ਅਤੇ ਵਾਚ ਓ. ਐੱਸ 2.2.2 ਦੇ ਜ਼ਰੀਏ ਇਸ ਕਮੀ ਨੂੰ ਦੂਰ ਕਰ ਦਿੱਤਾ ਹੈ । ਜੇਕਰ ਤੁਸੀਂ ਇਸ ਤੋਂ ਪੁਰਾਣੇ ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਛੇਤੀ ਤੋਂ ਛੇਤੀ ਲੇਟੈਸਟ ਵਰਜ਼ਨ ਅਪਡੇਟ ਕਰ ਲਵੋ।