ਵਿੰਡੋਜ਼ 10 ਯੂਜ਼ਰਜ਼ ਕੰਪਿਊਟਰ ਜਾਂ ਲੈਪਟਾਪ ਤੋਂ ਹੀ ਕਰ ਸਕਣਗੇ ਕਾਲਿੰਗ, ਇਹ ਐਪ ਕਰੇਗੀ ਮਦਦ

10/10/2019 3:05:17 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਵਿੰਡੋਜ਼ 10 ਇਨਸਾਈਡਰ ਪ੍ਰੀਵਿਊ ਬਿਲਡ 18999 (20H1) ਦੀ ਅਪਡੇਟ ਜਾਰੀ ਕੀਤਾ ਹੈ ਜਿਸ ਵਿਚ ਇਕ ਵੱਡਾ ਫੀਚਰ ਜੋੜਿਆ ਗਿਆ ਹੈ। ਇਸ ਅਪਡੇਟ ਤੋਂ ਬਾਅਦ ਵਿੰਡੋਜ਼ 10 ਦੇ ਯੂਜ਼ਰਜ਼ ਆਪਣੇ ਕੰਪਿਊਟਰ ਤੋਂ ਹੀ ਫੋਨ ਕਾਲ ਕਰ ਸਕਣਗੇ, ਹਾਲਾਂਕਿ ਇਸ ਲਈ ਤੁਹਾਨੂੰ Your Phone app ਦੀ ਮਦਦ ਲੈਣੀ ਪਵੇਗੀ। ਦੱਸ ਦੇਈਏ ਕਿ ਇਹ ਐਪ ਮਾਈਕ੍ਰੋਸਾਫਟ ਦਾ ਹੀ ਹੈ। ਨਵੀਂ ਅਪਡੇਟ ਤੋਂ ਬਾਅਦ ਡੈਸਕਟਾਪ ’ਚ ਹੀ ਡਾਇਲਰ ਅਤੇ ਕਾਨਟੈਕਟ ਦਾ ਸਪੋਰਟ ਮਿਲੇਗਾ। ਕਾਲਿੰਗ ਤੋਂ ਇਲਾਵਾ ਤੁਸੀਂ ਕਾਲ ਹਿਸਟਰੀ ਵੀ ਆਪਣੇ ਕੰਪਿਊਟਰ ਜਾਂ ਲੈਪਟਾਪ ’ਤੇ ਹੀ ਦੇਖ ਸਕੋਗੇ। ਉਥੇ ਹੀ ਜੇਕਰ ਤੁਸੀਂ ਕਾਲ ਨੂੰ ਰਿਜੈਕਟ ਕਰਦੇ ਹੋ ਤਾਂ ਡੈਸਕਟਾਪ ਇਕ ਮੈਸੇਜ ਭੇਜਣ ਦਾ ਵੀ ਆਪਸ਼ਨ ਦੇਵੇਗਾ। 

ਮਾਈਕ੍ਰੋਸਾਫਟ ਦੀ ਸਾਈਟ ’ਤੇ ਦਿੱਤੀ ਗਈ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਹੁਣ ਤੁਹਾਨੂੰ ਕਿਸੇ ਕਾਲ ਦਾ ਜਵਾਬ ਦੇਣ ਲਈ ਆਪਣੇ ਫੋਨ ਨੂੰ ਵਾਰ-ਵਾਰ ਚੁੱਕਣ ਦੀ ਲੋੜ ਨਹੀਂ ਹੈ। ਤੁਸੀਂ ਡੈਸਕਟਾਪ ’ਤੇ ਹੀ ਸਪੀਕਰ ਅਤੇ ਮਾਈਕ੍ਰੋਫੋਨ ਨੂੰ ਆਨ ਕਰਕੇ ਗੱਲ ਕਰ ਸਕਦੇ ਹੋ। 

ਡੈਸਕਟਾਪ ਤੋਂ ਕਾਲਿੰਗ ਕਰਨ ਲਈ ਤੁਹਾਨੂੰ ਆਪਣੇ ਫੋਨ ’ਚ Your Phone ਐਪ ਡਾਊਨਲੋਡ ਕਰਨੀ ਹੋਵੇਗੀ। ਇਹ ਐਪ ਐਂਡਰਾਇਡ ਨੂਗਟ 7.0 ਜਾਂ ਇਸ ਤੋਂ ਉਪਰ ਦੇ ਵਰਜ਼ਨ ਨੂੰ ਸਪੋਰਟ ਕਰਦੀ ਹੈ। ਹਾਲਾਂਕਿ ਮਾਈਕ੍ਰੋਸਾਫਟ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਜਲਦੀ ਹੀ ਇਸ ਲਈ ਅਪਡੇਟ ਜਾਰੀ ਹੋਵੇਗੀ।