WhatsApp ''ਚ ਸ਼ਾਮਲ ਹੋਇਆ ਡਾਰਕ ਮੋਡ ਪਰ ਅਜੇ ਵੀ ਰਹਿ ਗਈ ਕੁਝ ਕਮੀ

02/05/2020 11:35:30 AM

ਗੈਜੇਟ ਡੈਸਕ– ਲੰਮੀ ਉਡੀਕ ਤੋਂ ਬਾਅਦ ਆਖਿਰ ਵ੍ਹਟਸਐਪ ਦੇ ਬੀਟਾ ਵਰਜ਼ਨ 'ਚ ਡਾਰਕ ਮੋਡ ਫੀਚਰ ਸ਼ਾਮਲ ਕਰ ਦਿੱਤਾ ਗਿਆ ਹੈ। ਯੂਜ਼ਰਜ਼ ਦਾ ਕਹਿਣਾ ਸੀ ਕਿ ਬ੍ਰਾਈਟ ਗ੍ਰੀਨ ਤੇਵ੍ਹਾਈਟ ਬੈਕਗਰਾਊਂਡ ਕਾਰਣ ਲੰਮੀ ਚੈਟਿੰਗ ਦੌਰਾਨ ਉਨ੍ਹਾਂ ਦੀਆਂ ਅੱਖਾਂ ਦੁਖਣ ਲੱਗਦੀਆਂ ਹਨ। ਇਸੇ ਕਾਰਣ ਕੰਪਨੀ ਨੇ ਇਹ ਸਮੱਸਿਆ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਐਪ ਵਿਚ ਡਾਰਕ ਮੋਡ ਸ਼ਾਮਲ ਕੀਤਾ ਹੈ।
ਇਸ ਨੂੰ ਅਪਡੇਟ ਰਾਹੀਂ ਜਲਦ ਹੀ ਤੁਹਾਡੇ ਤਕ ਪਹੁੰਚਾ ਦਿੱਤਾ ਜਾਵੇਗਾ। ਅਜੇ ਇਸ ਵਿਚ ਹੋਰ ਸੁਧਾਰ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਕੰਪਨੀ ਬੀਟਾ ਟੈਸਟਿੰਗ ਤੋਂ ਬਾਅਦ ਹੀ ਗਲੋਬਲ ਯੂਜ਼ਰਜ਼ ਲਈ ਸਟੇਬਲ ਵਰਜ਼ਨ ਨੂੰ ਰੋਲਆਊਟ ਕਰੇਗੀ।

ਕੁਝ ਯੂਜ਼ਰਜ਼ ਨੂੰ ਪਸੰਦ ਨਹੀਂ ਆਇਆ ਇਹ ਫੀਚਰ
ਯੂਜ਼ਰਜ਼ ਨੇ ਦੱਸਿਆ ਕਿ ਇਹ ਓਨਾ ਡਾਰਕ ਨਹੀਂ, ਜਿੰਨੇ ਦੀ ਉਨ੍ਹਾਂ ਨੂੰ ਆਸ ਸੀ। 'ਟੈੱਕ ਰਾਡਾਰ' ਦੀ ਰਿਪੋਰਟ ਅਨੁਸਾਰ ਵ੍ਹਟਸਐਪ ਦਾ ਮੇਨ ਬੈਕਗਰਾਊਂਡ ਬਲੈਕ ਹੋਣ ਦੀ ਬਜਾਏ ਡਾਰਕ ਗ੍ਰੀਨਿਸ਼ ਗ੍ਰੇਅ ਥੀਮ ਵਾਲਾ ਦਿੱਤਾ ਗਿਆ ਹੈ। ਕੁਝ ਸਮਾਰਟਫੋਨਜ਼ ਵਿਚ ਤਾਂ ਇਹ ਸਹੀ ਦਿਖਾਉਂਦਾ ਹੈ ਪਰ AMOLED ਸਕਰੀਨ ਵਾਲੇ ਸਮਾਰਟਫੋਨਜ਼ ਵਿਚ ਇਹ ਬਲੈਕ ਹੋਣਾ ਚਾਹੀਦਾ ਸੀ।

ਸੈੱਟ ਨਹੀਂ ਕਰ ਸਕੋਗੇ ਮਨਪਸੰਦ ਵਾਲਪੇਪਰ
ਨਵੀਂ ਅਪਡੇਟ 'ਚ ਤੁਸੀਂ ਵ੍ਹਟਸਐਪ ਚੈਟ 'ਤੇ ਪਸੰਦੀਦਾ ਵਾਲਪੇਪਰ ਸੈੱਟ ਨਹੀਂ ਕਰ ਸਕੋਗੇ।  ਡਾਰਕ ਮੋਡ ਦਾ ਮਜ਼ਾ ਲੈਣ ਲਈ ਤੁਹਾਨੂੰ ਥੋੜ੍ਹਾ ਸਮਝੌਤਾ ਕਰਨਾ ਪਵੇਗਾ।

ਚਿੱਟੇ ਰੰਗ 'ਚ ਨਜ਼ਰ ਆ ਰਿਹੈ ਟੈਕਸਟ
ਨਵੀਂ ਅਪਡੇਟ 'ਚ ਟੈਕਸਟ ਨੂੰ ਚਿੱਟਾ ਰੱਖਿਆ ਗਿਆ ਹੈ, ਜਿਸ ਨਾਲ ਤੁਹਾਡੀਆਂ ਅੱਖਾਂ ਨੂੰ ਥੋੜ੍ਹੀ ਪਰੇਸ਼ਾਨੀ ਤਾਂ ਹੋਵੇਗੀ ਹੀ। ਟੈਕਸਟ ਜੇ ਗ੍ਰੇਅ ਥੀਮ 'ਚ ਹੁੰਦਾ ਤਾਂ ਜ਼ਿਆਦਾ ਚੰਗਾ ਰਹਿੰਦਾ।

ਪਹਿਲਾਂ ਵਰਗੇ ਮਿਲਣਗੇ ਬ੍ਰਾਈਟ ਇਮੋਜੀ
ਗੱਲ ਇਮੋਜੀ ਦੀ ਕਰੀਏ ਤਾਂ ਤੁਹਾਨੂੰ ਹੁਣ ਇਹ ਬ੍ਰਾਈਟ ਯੈਲੋ ਰੰਗ ਵਿਚ ਨਜ਼ਰ ਆਉਣਗੇ। ਚੰਗਾ ਹੋਵੇਗਾ, ਜੇ ਇਸ ਨੂੰ ਵੀ ਡਾਰਕ ਮੋਡ ਦੇ ਹਿਸਾਬ ਨਾਲ ਹੀ ਮੁਹੱਈਆ ਕਰਵਾਇਆ ਜਾਂਦਾ।