ਟ੍ਰਾਈ ਨੇ SC ਨੂੰ ਦੱਸਿਆ, ਬੰਦ ਹੋਏ ਮੋਬਾਈਲ ਨੰਬਰ 90 ਦਿਨ ਤੱਕ ਕਿਸੇ ਹੋਰ ਨੂੰ ਨਹੀਂ ਅਲਾਟ ਕੀਤੇ ਜਾਂਦੇ

11/03/2023 7:10:16 PM

ਨਵੀਂ ਦਿੱਲੀ, (ਭਾਸ਼ਾ)- ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਜਿਹੜੇ ਮੋਬਾਈਲ ਨੰਬਰ ਨਾ ਚੱਲਣ ਕਾਰਨ ਬੰਦ ਹੋ ਜਾਂਦੇ ਹਨ ਜਾਂ ਗਾਹਕ ਦੀ ਬੇਨਤੀ ’ਤੇ ਬੰਦ ਕੀਤੇ ਜਾਂਦੇ ਹਨ, ਨੂੰ ਕਿਸੇ ਵੀ ਨਵੇਂ ਗਾਹਕ ਨੂੰ ਘੱਟੋ-ਘੱਟ 90 ਦਿਨਾਂ ਤੱਕ ਅਲਾਟ ਨਹੀਂ ਕੀਤਾ ਜਾਂਦਾ।

ਸੁਪਰੀਮ ਕੋਰਟ ਇਕ ਉਸ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ, ਜਿਸ ਵਿਚ ਇਕ ਮੋਬਾਈਲ ਨੰਬਰ ਦੇ ਸਵਿੱਚ ਆਫ ਹੋਣ ਜਾਂ ਗੈਰ-ਵਰਤੋਂ ਕਾਰਨ ਡਿਐਕਟੀਵੇਟ ਹੋਣ ਤੋਂ ਬਾਅਦ ਡਾਟਾ ਦੀ ਕਥਿਤ ਦੁਰਵਰਤੋਂ ’ਤੇ ਚਿੰਤਾ ਪ੍ਰਗਟ ਕੀਤੀ ਗਈ ਸੀ।

ਜਸਟਿਸ ਸੰਜੀਵ ਖੰਨਾ ਅਤੇ ਐੱਸ. ਵੀ. ਐੱਨ. ਭੱਟੀ ਦੀ ਬੈਂਚ ਜਿਸ ਨੇ ‘ਟ੍ਰਾਈ’ ਦੇ ਜਵਾਬੀ ਹਲਫ਼ਨਾਮੇ ’ਤੇ ਵਿਚਾਰ ਕੀਤਾ, ਨੇ ਕਿਹਾ ਕਿ ਕੋਈ ਵੀ ਗਾਹਕ ਪਿਛਲੇ ਫ਼ੋਨ ਨੰਬਰ ਨਾਲ ਜੁੜੇ ਵ੍ਹਟਸਐਪ ਖਾਤੇ ਨੂੰ ਡਿਲੀਟ ਕਰ ਕੇ ਅਤੇ ਸਥਾਨਕ ਡਿਵਾਈਸ ਮੈਮਰੀ ਜਾਂ ਕਲਾਉਡ ਵਿਚ ਸਟੋਰ ਕੀਤੇ ਡਾਟਾ ਨੂੰ ਮਿਟਾ ਕੇ ਵ੍ਹਟਸਐਪ ਡਾਟਾ ਦੇ ਦੁਰਵਿਵਹਾਰ ਨੂੰ ਰੋਕ ਸਕਦਾ ਹੈ।

ਬੈਂਚ ਨੇ ਕਿਹਾ ਕਿ ਅਸੀਂ ਮੌਜੂਦਾ ਰਿੱਟ ਪਟੀਸ਼ਨ ’ਤੇ ਹੋਰ ਸੁਣਵਾਈ ਕਰਨ ਦੇ ਇੱਛੁਕ ਨਹੀਂ ਹਾਂ ਕਿਉਂਕਿ ‘ਟ੍ਰਾਈ’ ਦੇ ਜਵਾਬੀ ਹਲਫਨਾਮੇ ਤੋਂ ਇਹ ਸਪੱਸ਼ਟ ਹੈ ਕਿ ਇਕ ਵਾਰ ਮੋਬਾਈਲ ਨੰਬਰ ਜੇ ਵਰਤੋਂ ਨਾ ਕਰਨ ਕਾਰਨ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਗਾਹਕ ਦੀ ਬੇਨਤੀ ’ਤੇ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿਸੇ ਵੀ ਨਵੇਂ ਗਾਹਕ ਨੂੰ ਘੱਟੋ-ਘੱਟ 90 ਦਿਨ ਤੱਕ ਉਹ ਨੰਬਰ ਅਲਾਟ ਨਹੀਂ ਕੀਤਾ ਜਾਂਦਾ।

Rakesh

This news is Content Editor Rakesh