‘ਭਾਰਤ ’ਚ ਨਹੀਂ ਵਿਕੇਗੀ ਸੇਡਾਨ ਯਾਰਿਸ’

09/28/2021 10:28:56 AM

ਨਵੀਂ ਦਿੱਲੀ,(ਭਾਸ਼ਾ)– ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਕਿ ਉਹ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਉਤਪਾਦ ਰਣਨੀਤੀ ਦੇ ਤਹਿਤ ਭਾਰਤ ’ਚ ਆਪਣੀ ਦਰਮਿਆਨੇ ਆਕਾਰ ਦੀ ਸੇਡਾਨ ਯਾਰਿਸ ਦੀ ਵਿਕਰੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਵੇਗੀ। ਕੰਪਨੀ ਨੇ ਭਾਰਤੀ ਬਾਜ਼ਾਰ ’ਚ ਮਈ 2018 ’ਚ ਯਾਰਿਸ ਉਤਾਰੀ ਸੀ। ਇਸ ਦੀ ਕੀਮਤ 8.75 ਲੱਖ ਤੋਂ 14.07 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਸੀ। ਇਹ ਸੇਡਾਨ ਹੌਂਡਾ ਸਿਟੀ, ਹੁੰਡਈ ਵਰਨਾ ਅਤੇ ਮਾਰੂਤੀ ਸੁਜ਼ੂਕੀ ਸਿਆਜ਼ ਦੇ ਵਰਗ ’ਚ ਪੇਸ਼ ਕੀਤੀ ਗਈ ਸੀ। ਹਾਲਾਂਕਿ ਲਗਭਗ 19,800 ਇਕਾਈਆਂ ਦੀ ਥੋਕ ਵਿਕਰੀ ਨਾਲ ਬਾਜ਼ਾਰ ’ਚ ਇਸ ਨੂੰ ਵਧੇਰੇ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ। ਕੰਪਨੀ ਨੇ ਕਿਹਾ ਕਿ ਇਸ ਬੰਦ ਮਾਡਲ ’ਤੇ ਘੱਟ ਤੋਂ ਘੱਟ ਅਗਲੇ 10 ਸਾਲਾਂ ਲਈ ਅਸਲ ਸਪੇਅਰ ਪਾਰਟਸ ਦਾ ਉਤਪਾਦਨ ਹੁੰਦਾ ਰਹੇਗਾ।

ਜਾਰੀ ਰਹਿਣਗੇ ਹੋਰ ਮਾਡਲ
ਟੀ. ਕੇ. ਐੱਮ. ਨੇ ਕਿਹਾ ਕਿ ਉਹ ਹੋਰ ਮੌਜੂਦਾ ਪੇਸ਼ਕਸ਼ਾਂ ਨਾਲ ਭਾਰਤ ’ਚ ਆਪਣੇ ਗਾਹਕਾਂ ਦੀ ਸੇਵਾ ਕਰਨਾ ਜਾਰੀ ਰੱਖੇਗੀ ਅਤੇ ਆਉਣ ਵਾਲੇ ਸਾਲ 2022 ’ਚ ਟੋਯੋਟਾ ਦੇ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਮੌਜੂਦਾ ਸਮੇਂ ’ਚ ਟੀ. ਕੇ. ਐੱਮ. ਹੈਚਬੈਕ ਗਲੈਂਜਾ, ਕੰਪੈਕਟ ਐੱਸ. ਯੂ. ਵੀ. ਅਰਬਨ ਕਰੂਜ਼ਰ, ਮਲਟੀਪਰਪਸ ਵ੍ਹੀਕਲ ਇਨੋਵਾ ਕ੍ਰਿਸਟਾ, ਐੱਸ. ਯੂ. ਵੀ. ਫਾਰਚਿਊਨਰ ਆਦਿ ਦੀ ਵਿਕਰੀ ਕਰਦੀ ਹੈ।

Rakesh

This news is Content Editor Rakesh