ਮਹਿੰਗੀ ਬਿਜਲੀ ਤੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਟੈਸਲਾ ਨੇ ਚੁੱਕਿਆ ਵੱਡਾ ਕਦਮ

08/19/2019 4:51:41 PM

ਗੈਜੇਟ ਡੈਸਕ– ਦੁਨੀਆ ਭਰ ’ਚ ਵਧ ਰਹੇ ਹਵਾ ਪ੍ਰਦੂਸ਼ਣ ਅਤੇ ਮਹਿੰਗੀ ਬਿਜਲੀ ਦੀਆਂ ਕੀਮਤਾਂ ਨੂੰ ਧਿਆਨ ’ਚ ਰੱਖਦੇ ਹੋਏ ਟੈਸਲਾ ਦੁਆਰਾ ਇਕ ਬਹੁਤ ਹੀ ਵੱਡਾ ਕਦਮ ਚੁੱਕਿਆ ਗਿਆ ਹੈ। ਟੈਸਲਾ ਨੇ ਸੋਲਰ ਪੈਨਲ ਸਿਸਟਮਸ ਨੂੰ ਕਿਰਾਏ ’ਤੇ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਮੰਨਣਾ ਹੈ ਕਿ ਸੋਲਰ ਪਾਵਰ ਸਿਸਟਮ ਨੂੰ ਖਰੀਦਣਾ ਦੀਆਂ ਕੀਮਤਾਂ ਕਾਫੀ ਜ਼ਿਆਦਾ ਹਨ, ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਕੰਪਨੀ ਨੇ ਰੈਂਟ ਸੋਲਰ ਪ੍ਰੋਗਰਾਮ ਲਾਂਚ ਕੀਤਾ ਹੈ। 
- ਫਿਲਹਾਲ ਇਸ ਪ੍ਰੋਗਰਾਮ ਨੂੰ ਅਮਰੀਕਾਂ ਦੇ 6 ਰਾਜਾਂ (ਐਰੀਜ਼ੋਨਾ, ਕੈਲੀਫੋਰਨੀਆ, ਕਨੈਕਟਿਕਟ, ਮੈਸਾਚੁਸੈਟਸ, ਨਿਊ ਜਰਸੀ ਅਤੇ ਨਿਊ ਮੈਕਸੀਕੋ) ’ਚ ਸ਼ੁਰੂ ਕੀਤਾ ਗਿਆ ਹੈ ਜਿਥੇ ਬਿਨਾਂ ਸੋਲਰ ਪੈਨਲ ਸਿਸਟਮ ਨੂੰ ਖਰੀਦੇ ਇਨ੍ਹਾਂ ਨੂੰ ਕਿਰਾਏ ’ਤੇ ਵੀ ਲਗਾਇਆ ਜਾ ਸਕਦਾ ਹੈ ਅਤੇ ਇਸ ਲਈ ਮਹੀਨੇ ਦੇ ਸਿਰਫ 50 ਡਾਲਰ (ਕਰੀਬ 3,566 ਰੁਪਏ ) ਖਰਚਣੇ ਹੋਣਗੇ। 

ਕਾਨਟ੍ਰੈਕਟ ਭਰਨ ਦੀ ਨਹੀਂ ਹੋਵੇਗੀ ਲੋੜ
ਦੱਸ ਦੇਈਏ ਕਿ ਇਸ ਪ੍ਰੋਗਰਾਮ ਤਹਿਤ ਟੈਸਲਾ ਦੇ ਕਰਮਚਾਰੀ ਖੁਦ ਤੁਹਾਡੇ ਘਰ ਆ ਕੇ ਪੂਰੇ ਸੋਲਰ ਪੈਨਲ ਸਿਸਟਮ ਨੂੰ ਫਿੱਟ ਕਰਨਗੇ। ਖਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਵੀ ਤਰ੍ਹਾਂ ਦਾ ਕਾਨਟ੍ਰੈਕਟ ਭਰਨ ਦੀ ਲੋੜ ਨਹੀਂ ਹੋਵੇਗੀ। 
- ਟੈਸਲਾ ਕੰਪਨੀ ਦੇ ਸੀ.ਈ.ਓ. ਏਲਨ ਮਸਕ ਨੇ ਕਿਹਾ ਹੈ ਕਿ ਗਾਹਕਾਂ ਨੂੰ ਸੋਲਰ ਪੈਨਲ ਸਿਸਟਮ ਬਿਨਾਂ ਖਰੀਦੇ ਉਸ ਦਾ ਇਸਤੇਮਾਲ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਇਸ ਨਾਲ ਗਾਹਕ ਦੇ ਕਾਫੀ ਪੈਸੇ ਵੀ ਬਚਣਗੇ। ਉਨ੍ਹਾਂ ਦੱਸਿਆ ਕਿ ਨਿਊ ਜਰਸੀ ’ਚ ਇਸ ਪ੍ਰੋਗਰਾਮ ਤਹਿਤ ਇਕ ਸਾਲ ਲਈ 180 ਡਾਲਰ (ਕਰੀਬ 12 ਹਜ਼ਾਰ, 800 ਰੁਪਏ) ਖਰਚਣੇ ਪੈਣਗੇ ਜੋ ਕਿ ਕਾਫੀ ਘੱਟ ਵੀ ਹੈ। 

ਮਹਿੰਗਾ ਪਵੇਗਾ ਕੁਨੈਕਸ਼ਨ ਕਟਵਾਉਣਾ
ਜੇਕਰ ਤੁਸੀਂ ਇਸ ਪ੍ਰੋਗਰਾਮ ਤਹਿਤ ਸੋਲਰ ਪੈਨਲ ਲਗਵਾਉਂਦੇ ਹੋ ਤਾਂ ਇਸ ਨੂੰ ਕਟਵਾਉਣਾ ਬਹੁਤ ਹੀ ਆਸਾਨ ਹੈ ਪਰ ਇਸ ਲਈ1500 ਡਾਲਰ (ਕਰੀਬ 1 ਲੱਖ, 6 ਹਜ਼ਾਰ ਰੁਪਏ) ਦੇਣੇ ਪੈਣਗੇ। 

ਖਰੀਦਣ ਦੀ ਵੀ ਦਿੱਤੀ ਗਈ ਆਪਸ਼ਨ
ਜੇਕਰ ਯੂਜ਼ਰ ਟੈਸਲਾ ਦੇ ਸੋਲਰ ਪੈਨਲ ਸਿਸਟਮ ਨੂੰ ਖਰੀਦਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਛੋਟੇ, ਮੱਧ ਅਤੇ ਵੱਡੇ ਪੈਨਲਾਂ ਦੀ ਆਪਸ਼ਨ ਦੇ ਨਾਲ ਖਰੀਦਿਆ ਵੀ ਜਾ ਸਕੇਗਾ ਅਤੇ ਇਨ੍ਹਾਂ ਲਈ 7,049 ਡਾਲਰ (ਕਰੀਬ 5 ਲੱਖ, 2 ਹਜ਼ਾਰ ਰੁਪਏ), 14,098 ਡਾਲਰ (ਕਰੀਬ 10 ਲੱਖ, 5 ਹਜ਼ਾਰ ਰੁਪਏ) ਅਤੇ 21,147 ਡਾਲਰ (ਕਰੀਬ 15 ਲੱਖ, 7 ਹਜ਼ਾਰ ਰੁਪਏ) ਖਰਚਣੇ ਹੋਣਗੇ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਪਲਾਨ ਤਹਿਤ ਜ਼ਿਆਦਾ ਮੁਨਾਫਾ ਨਹੀਂ ਕਮਾਏਗੀ।