ਚੀਨ ’ਚ ਪਾਰਕਿੰਗ ’ਚ ਖੜ੍ਹੀ ਟੈਸਲਾ ਮਾਡਲ 3 ਕਾਰ ’ਚ ਹੋਇਆ ਧਮਾਕਾ

01/23/2021 1:05:33 PM

ਆਟੋ ਡੈਸਕ– ਟੈਸਲਾ ਦੀ ਮਾਡਲ 3 ਕਾਰ ਨੂੰ ਲੈ ਕੇ ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਬੀਤੇ ਮੰਗਲਵਾਰ ਨੂੰ ਟੈਸਲਾ ਦੇ ਸ਼ੰਘਾਈ ਪਲਾਂਟ ’ਚ ਅੰਡਰ ਗ੍ਰਾਊਂਡ ਪਾਰਕਿੰਗ ਗੇਰੇਜ ’ਚ ਖੜ੍ਹੀ ਇਕ ਟੈਸਲਾ ਮਾਡਲ 3 ਕਾਰ ’ਚ ਧਮਾਕਾ ਹੋ ਗਿਆ। ਇਸ ਦੌਰਾਨ ਦੁਰਘਟਨਾ ਵਾਲੀ ਥਾਂ ’ਤੇ ਫਿਲਹਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਖ਼ਬਰ ਨੇ ਟੈਸਲਾ ਦੀਆਂ ਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਜ਼ਰੂਰ ਪੈਦਾ ਕਰ ਦਿੱਤਾ ਹੈ। 

ਕੰਪਨੀ ਦੀ ਸ਼ੰਘਾਈ ਸਥਿਤ ਇਕਾਈ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚਲਦਾ ਹੈ ਕਿ ਟੈਸਲਾ ਮਾਡਲ 3 ਕਾਰ ਦਾ ਬੈਟਰੀ ਪੈਕ ਬਾਹਰੀ ਟਕਰਾਅ ਕਾਰਨ ਡੈਮੇਜ ਹੋ ਗਿਆ ਸੀ। ਕੰਪਨੀ ਫਾਇਰ ਡਿਪਾਰਟਮੈਂਟ ਵਲੋਂ ਕੀਤੀ ਜਾ ਰਹੀ ਜਾਂਚ ’ਚ ਮਦਦ ਕਰ ਰਹੀ ਹੈ ਅਤੇ ਇਹ ਵੀ ਦਾਅਵਾ ਕਰ ਰਹੀ ਹੈ ਕਿ ਮਾਲਕ ਨੂੰ ਇਸ ਡੈਮੇਜ ਦਾ ਕਲੇਮ ਇੰਸ਼ੋਰੈਂਸ ’ਚੋਂ ਹੀ ਮਿਲ ਜਾਵੇ। 

ਫਿਲਹਾਲ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਕਾਰ ’ਚ ਲੱਗੇ ਬੈਟਰੀ ਪੈਕ ਨੂੰ ਚੀਨ ’ਚ ਆਯਾਤ ਕੀਤਾ ਗਿਆ ਸੀ ਜਾਂ ਇਸ ਨੂੰ ਸਥਾਨਕ ਪੱਧਰ ’ਤੇ ਬਣਾਇਆ ਗਿਆ ਸੀ। ਚੀਨੀ ਸਟੇਟ ਮੀਡੀਆ ਮੁਤਾਬਕ, ਚੀਨੀ ਬੈਟਰੀ ਨਿਰਮਾਤਾ ਕੰਟੈਪਰੇਰੀ ਐਂਪੀਰੈਕਸ ਤਕਨੀਕ (CATL) ਨੇ ਕਿਹਾ ਹੈ ਕਿ ਜਿਸ ਕਾਰ ਦਾ ਬੈਟਰੀ ਪੈਕ ਫਟ ਗਿਆ, ਉਹ ਉਨ੍ਹਾਂ ਦੁਆਰਾ ਨਹੀਂ ਬਣਾਇਆ ਗਿਆ ਸੀ। 

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਟੈਸਲਾ ਦੀਆਂ ਕਾਰਾਂ ’ਚ ਅੱਗ ਲੱਗਣ ਨਾਲ ਧਮਾਕਾ ਹੋਇਆ ਹੈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਜਦੋਂ ਸ਼ੰਘਾਈ ’ਚ ਇਕ ਪਾਰਕਿੰਗ ’ਚ ਖੜ੍ਹੀ ਚਿੱਟੇ ਰੰਗ ਦੀ ਟੈਸਲਾ ਇਲੈਕਟ੍ਰਿਕ ਕਾਰ ਅੱਗ ਦੀਆਂ ਲਪਟਾਂ ਨਾਲ ਘਿਰ ਗਈ ਜਿਸ ਤੋਂ ਬਾਅਦ ਉਸ ਵਿਚ ਧਮਾਕਾ ਹੋ ਗਿਆ ਸੀ। 

Rakesh

This news is Content Editor Rakesh