ਸਰੀਰ ''ਚ ਦਵਾਈ ਪਹੁੰਚਾਏਗਾ ਤੁਰਨ, ਰੇਂਗਣ ਤੇ ਤੈਰਨ ਵਾਲਾ ਰੋਬੋਟ

01/30/2018 11:23:43 AM

ਜਲੰਧਰ/ਸਟਟਗਾਰਟ : ਜਰਮਨੀ ਦੇ ਖੋਜੀਆਂ ਨੇ ਇਕ ਅਜਿਹਾ ਰੋਬੋਟ ਤਿਆਰ ਕੀਤਾ ਹੈ, ਜੋ ਸਿਰਫ 7 ਇੰਚ ਲੰਮਾ ਹੈ ਅਤੇ ਰਬੜ ਦੇ ਛੋਟੇ ਜਿਹੇ ਸਟ੍ਰਿਪ ਵਰਗਾ ਲੱਗਦਾ ਹੈ। ਇਹ ਸਟ੍ਰਿਪ ਰੋਬੋਟ ਹੈ, ਇਸ ਦਾ ਪਤਾ ਉਸ ਵੇਲੇ ਲੱਗਦਾ ਹੈ, ਜਦੋਂ ਇਹ ਤੁਰਨਾ ਸ਼ੁਰੂ ਕਰਦਾ ਹੈ। ਇਹ ਖਾਸ ਰੋਬੋਟ ਤੁਰਦਾ ਹੈ, ਉੱਛਲਦਾ ਹੈ, ਰੇਂਗਦਾ ਹੈ, ਘੁੰਮਦਾ ਹੈ ਅਤੇ ਇਥੋਂ ਤਕ ਕਿ ਪਾਣੀ 'ਚ ਤੈਰਦਾ ਵੀ ਹੈ। ਇਹ ਸਵਿਮਿੰਗ ਪੂਲ 'ਚੋਂ ਬੜੀ ਆਸਾਨੀ ਨਾਲ ਬਾਹਰ ਛਾਲ ਮਾਰ ਸਕਦਾ ਹੈ। ਜਰਮਨੀ ਦੇ ਸਟਟਗਾਰਟ 'ਚ ਸਥਿਤ ਮੈਕਸ ਪਲੈਂਕ ਇੰਸਟੀਚਿਊਟ ਫਾਰ ਇੰਟੈਲੀਜੈਂਟ ਸਿਸਟਮ 'ਚ ਫਿਜ਼ੀਕਲ ਇੰਟੈਲੀਜੈਂਸ ਡਿਪਾਰਟਮੈਂਟ ਦੀ ਮੁਖੀ ਅਤੇ ਇਸ ਖੋਜ ਦੀ ਅਗਵਾਈ ਕਰਨ ਵਾਲੀ ਮੇਟਿਨ ਸਿੱਟੀ ਕਹਿੰਦੀ ਹੈ ਕਿ ਇਹ ਰੋਬੋਟ ਇੰਨਾ ਛੋਟਾ ਹੈ ਕਿ ਇਨਸਾਨ ਦੇ ਪੇਟ ਜਾਂ ਯੂਰਿਨਰੀ ਸਿਸਟਮ ਵਿਚ ਬੜੀ ਆਸਾਨੀ ਨਾਲ ਘੁੰਮ ਸਕਦਾ ਹੈ। ਹਾਲਾਂਕਿ ਹੁਣ ਤਕ ਇਸ ਰੋਬੋਟ ਦੀ ਇਨਸਾਨਾਂ 'ਤੇ ਪਰਖ ਨਹੀਂ ਕੀਤੀ ਗਈ ਪਰ ਸਾਡਾ ਮਕਸਦ ਉਸ ਨੂੰ ਹੋਰ ਜ਼ਿਆਦਾ ਵਿਕਸਿਤ ਕਰਨਾ ਹੈ ਤਾਂ ਜੋ ਇਨਸਾਨ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦਵਾਈ ਪਹੁੰਚਾਉਣ ਲਈ ਇਸ ਰੋਬੋਟ ਦੀ ਵਰਤੋਂ ਕੀਤੀ ਜਾ ਸਕੇ।