ਟਾਟਾ ਮੋਟਰਜ਼ ਦੀਆਂ ਕਾਰਾਂ ਹੋਈਆਂ ਮਹਿੰਗੀਆਂ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

08/03/2021 2:17:24 PM

ਨਵੀਂ ਦਿੱਲੀ- ਟਾਟਾ ਮੋਟਰਜ਼ ਦੀ ਕਾਰ ਖ਼ਰੀਦਣ ਵਾਲੇ ਹੋ ਤਾਂ ਹੁਣ ਜੇਬ ਹੋਰ ਢਿੱਲੀ ਕਰਨੀ ਪਵੇਗੀ। ਦੇਸ਼ ਦੀ ਦਿੱਗਜ ਕਾਰ ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਨੂੰ 0.8 ਫ਼ੀਸਦੀ ਤੱਕ ਵਧਾ ਦਿੱਤਾ ਹੈ।

ਪਿਛਲੇ ਮਹੀਨੇ ਟਾਟਾ ਮੋਟਰਜ਼ ਨੇ ਕਾਰਾਂ ਦੀ ਕੀਮਤਾਂ ਵਧਾਉਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਉਸ ਸਮੇਂ ਕੰਪਨੀ ਨੇ ਇਹ ਨਹੀਂ ਦੱਸਿਆ ਸੀ ਕਿ ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ। ਕੀਮਤਾਂ ਵਧਾਉਣ ਪਿੱਛੇ ਕੰਪਨੀ ਨੇ ਵਾਹਨਾਂ ਨੂੰ ਬਣਾਉਣ ਵਿਚ ਆ ਰਹੀ ਲਾਗਤ ਦੇ ਮਹਿੰਗੇ ਹੋਣ ਦੀ ਵਜ੍ਹਾ ਦੱਸੀ ਹੈ।

ਇਹ ਇਸ ਸਾਲ ਤੀਜੀ ਵਾਰ ਹੈ ਜਦੋਂ ਕੰਪਨੀ ਨੇ ਆਪਣੀਆਂ ਗੱਡੀਆਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਟਾਟਾ ਮੋਟਰਜ਼ ਨੇ ਇਸ ਸਾਲ ਮਈ ਮਹੀਨੇ ਵਿਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ 1.8 ਫ਼ੀਸਦ ਤੱਕ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਜਨਵਰੀ ਵਿਚ ਕੰਪਨੀ ਨੇ ਕਾਰਾਂ ਦੀ ਕੀਮਤ 26,000 ਰੁਪਏ ਤੱਕ ਵਧਾਈ ਸੀ। ਭਾਰਤੀ ਬਾਜ਼ਾਰ ਵਿਚ ਟਾਟਾ ਮੋਟਰਜ਼ ਦੀ ਟਿਆਗੋ, ਟਿਗੋਰ, ਨੈਕਸਨ, ਹੈਰੀਅਰ ਅਤੇ ਸਫਾਰੀ ਪ੍ਰਸਿੱਧ ਕਾਰਾਂ ਹਨ। ਇਸ ਸਾਲ ਸਟੀਲ ਵੀ ਕਾਫ਼ੀ ਮਹਿੰਗਾ ਹੋਇਆ ਹੈ, ਜੋ ਕਿ ਲਾਗਤ ਵਧਣ ਦਾ ਇਕ ਕਾਰਨ ਹੈ। ਇਸ ਤੋਂ ਇਲਾਵਾ ਹੋਰ ਕੱਚੇ ਮਾਲ ਦੀਆਂ ਕੀਮਤਾਂ ਵੀ ਵਧੀਆਂ ਹਨ। ਲਾਗਤ ਵਧਣ ਕਾਰਨ ਆਟੋ ਕੰਪਨੀਆਂ ਇਸ ਸਾਲ ਕੀਮਤਾਂ 'ਚ 2-3 ਵਾਰ ਵਾਧਾ ਕਰ ਚੁੱਕੀਆਂ ਹਨ।

Sanjeev

This news is Content Editor Sanjeev