PUBG Mobile ਗੇਮ ਖੇਡਣੀ ਪਈ ਮਹਿੰਗੀ, ਹਸਪਤਾਲ ਪਹੁੰਚਿਆ ਵਿਅਕਤੀ

01/11/2019 1:17:49 PM

ਗੈਜੇਟ ਡੈਸਕ– ਆਨਲਾਈਨ ਗੇਮਿੰਗ ਸੈਗਮੈਂਟ ’ਚ ਦੁਨੀਆ ’ਚ ਇਕ ਨਵੀਂ ਪਛਾਣ ਬਣ ਚੁੱਕੀ PlayerUnknown's Battleground (PUBG) ਗੇਮ ਬਾਰੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜੰਮੂ ਦੇਇਕ ਫਿੱਟਨਸ ਟ੍ਰੇਨਰ ਨੇ ਲਗਾਤਾਰ 10 ਦਿਨ ਇਹ ਗੇਮ ਖੇਡਦੇ ਹੋਏ ਆਪਣਾ ਮਾਨਸਿਕ ਸੰਤੁਲਨ ਗੁਆ ਦਿੱਤਾ। ਅਖੀਰ ਜਦੋਂ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਉਸ ਨੂੰ ਹਸਪਤਾਲ ’ਚ ਭਰਤੀ ਕਰਾਉਣਾ ਪਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਲੂ ਵ੍ਹੇਲ ਵਰਗੀ ਖਤਰਨਾਕ ਮੋਬਾਇਲ ਗੇਮ ਆ ਚੁੱਕੀ ਹੈ, ਜਿਸ ਦੀ ਐਡੀਕਸ਼ਨ ’ਚ ਫਸ ਕੇ ਕਈ ਬੱਚਿਆਂ ਨੇ ਆਪਣੀ ਜਾਨ ਗੁਆ ਦਿੱਤੀ। 

PUBG ਇਕ ਅਜਿਹੀ ਗੇਮ ਹੈ ਜਿਸ ਦਾ ਆਦਤ ਕਿਸੇ ਨੂੰ ਵੀ ਬਹੁਤ ਜਲਦੀ ਹੋ ਸਕਦੀ ਹੈ। ਫਿੱਟਨਸ ਟ੍ਰੇਨਰ ਨੇ 10 ਦਿਨ ਪਹਿਲਾਂ ਇਸ ਗੇਮ ਨੂੰ ਆਨਲਾਈਨ ਖੇਡਣਾ ਸ਼ੁਰੂ ਕੀਤਾ ਸੀ ਅਤੇ ਜਲਦੀ ਹੀ ਇਸ ਦਾ ਆਦਿ ਹੋ ਗਿਆ। ਖੇਡ ਦਾ ਇਕ ਰਾਊਂਡ ਪੂਰਾ ਹੋਣ ਤੋਂ ਬਾਅਦ ਉਸ ਨੇ ਖੁਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਅਜੇ ਵੀ ਉਸ ਦੀ ਹਾਲਤ ਠੀਕ ਨਹੀਂ ਹੈ। 

ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਮਰੀਜ ਦੀ ਹਾਲਤ ਸਥਿਰ ਨਹੀਂ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਵੀ ਵਿਗੜ ਚੁੱਕਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਛਾਣ ਤਾਂ ਰਿਹਾ ਹੈ ਪਰ ਉਸ ਦਾ ਦਿਮਾਗ ਸੁਚੇਤ ਨਹੀਂ ਹੈ। ਉਸ ’ਤੇ PUBG ਗੇਮ ਦਾ ਅਸਰ ਹੈ। ਜੰਮੂ ’ਚ ਇਸ ਤਰ੍ਹਾਂ ਦਾ ਇਹ 6ਵਾਂ ਮਾਮਲਾ ਹੈ। ਸਥਾਨਕ ਲੋਕਾਂ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਨੂੰ ਜ਼ਿੰਦਗੀ ਨੂੰ ਖਤਰੇ ’ਚ ਪਾਉਣ ਵਾਲੀ ਇਸ ਗੇਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਚੀਨ ਦੀ ਆਨਲਾਈਨ ਗੇਮਿੰਗ ਐਥਿਕਸ ਰਿਵਿਊ ਕਮੇਟੀ ਨੇ ਦਸੰਬਰ ’ਚ 20 ਗੇਮਾਂ ਨੂੰ ਨੈਤਿਕ ਤੌਰ ’ਤੇ ਖਤਰਾ ਮੰਨਦੇ ਹੋਏ 9 ਗੇਮਾਂ ਨੂੰ ਬੈਨ ਕਰ ਦਿੱਤਾ ਸੀ, ਜਿਸ ਵਿਚ Fortnit ਅਤੇ PUBG ਵੀ ਸ਼ਾਮਲ ਸੀ।