ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ OnePlus ਦਾ ਦਮਦਬਾ, ਸੈਮਸੰਗ, ਐਪਲ ਪਿੱਛੇ

11/07/2019 4:28:01 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਸਾਲ 2019 ਦੀ ਤੀਜੀ ਤਿਮਾਹੀ ’ਚ ਭਾਰਤ ਦੀ ਪ੍ਰੀਮੀਅਮ ਸਮਾਰਟਫੋਨ ਮਾਰਕੀਟ ਦੀ ਨੰਬਰ 1 ਕੰਪਨੀ ਰਹੀ। ਹਾਲ ਹੀ ’ਚ ਆਈ ਕਾਊਂਟਰਪੁਆਇੰਟ ਰਿਸਰਚ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਦੇ ਮਾਰਕੀਟ ਸ਼ੇਅਰ ਚ ਇਸ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਥੋੜ੍ਹੀ ਕਮੀ ਜ਼ਰੂਰ ਆਈ ਹੈ। ਮੱਦੇਨਜ਼ਰ ਗੱਲ ਇਹ ਹੈ ਕਿ ਮਾਰਕੀਟ ਸ਼ੇਅਰ ’ਚ ਕਮੀ ਆਉਣ ਦੇ ਬਾਵਜੂਦ ਵੀ ਵਨਪਲੱਸ ਨੇ ਆਪਣੀ ਟੱਕਰ ਦੇ ਦੂਜੇ ਸਮਾਰਟਫੋਨ ਮੇਕਰਸ ਨੂੰ ਪਿੱਛੇ ਛੱਡ ਦਿੱਤਾ ਹੈ। 

ਐਪਲ, ਸੈਮਸੰਗ ਛੁੱਟੇ ਪਿੱਛੇ
ਰਿਪੋਰਟ ਮੁਤਾਬਕ, ਵਨਪਲੱਸ ਦਾ ਮਾਰਕੀਟ ਸ਼ੇਅਰ 35 ਫੀਸਦੀ ਰਿਹਾ। ਉਥੇ ਹੀ ਤੀਜੀ ਤਿਮਾਹੀ ’ਚ ਸੈਮਸੰਗ ਦਾ ਮਾਰਕੀਟ 23 ਫੀਸਦੀ ਅਤੇ ਐਪਲ ਦਾ ਮਾਰਕੀਟ ਸ਼ੇਅਰ 22 ਫੀਸਦੀ ਰਿਹਾ। ਇਸ ਸਾਲ ਦੀ ਦੂਜੀ ਤਿਮਾਹੀ ’ਚ ਵੀ ਸੈਮਸੰਗ ਅਤੇ ਐਪਲ ਵਿਚਕਾਰ ਸਖਤ ਟੱਕਰ ਦੇਖੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤੀਜੀ ਤਿਮਾਹੀ ’ਚ ਕੰਪਨੀਆਂ ਨੂੰ ਫੈਸਟਿਵ ਸੀਜ਼ਨ ਕਾਰਨ ਕਾਫੀ ਫਾਇਦਾ ਹੋਇਆ ਹੈ। ਕਾਊਂਟਰਪੁਆਇੰਟ ਨੇ ਕਿਹਾ ਕਿ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਸਾਲ ਦਰ ਸਾਲ 66 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੀ ਤਿਮਾਹੀ ’ਚ ਇਹ ਆਪਣੇ ਉੱਚ ਪੱਧਰ ’ਤੇ ਸੀ। 

ਨਵੀਂ ਸੀਰੀਜ਼ ਦੇ ਸਮਾਰਟਫੋਨਜ਼ ਨੇ ਕੀਤੀ ਮਦਦ
ਵਨਪਲੱਸ ਨੂੰ ਇਸ ਮੁਕਾਮ ’ਤੇ ਪਹੁੰਚਾਉਣ ’ਚ ਵਨਪਲੱਸ 7 ਅਤੇ ਵਨਪਲੱਸ 7ਟੀ ਸੀਰੀਜ਼ ਦੇ ਸਮਾਰਟਫੋਨਜ਼ ਦਾ ਕਾਫੀ ਯੋਗਦਾਨ ਰਿਹਾ। ਸੈਮਸੰਗ ਦੀ ਗੱਲ ਕਰੀਏ ਤਾਂ ਇਸ ਦੀ ਪਰਫਾਰਮੈਂਸ ਗਲੈਕਸੀ ਨੋਟ 10 ਸੀਰੀਜ਼ ਦੇ ਚੱਲਦੇ ਚੰਗਾ ਰਿਹਾ। ਉਥੇ ਹੀ ਐਪਲ ਦੁਆਰਾ ਆਈਫੋਨ ਐਕਸ ਆਰ ਦੀ ਕੀਮਤ ਨੂੰ ਘੱਟ ਕਰਨਾ ਫਾਇਦੇਮੰਦ ਸਾਬਤ ਹੋਇਆ। ਕਾਊਂਟਰਪੁਆਇੰਟ ਨੇ ਕਿਹਾ ਕਿ ਵਨਪਲੱਸ ਹਰ ਸਾਲ 100 ਫੀਸਦੀ ਦੀ ਤਰ ਨਾਲ ਵਧਦਾ ਰਿਹਾ ਹੈ। ਹਾਲਾਂਕਿ, ਵਨਪਲੱਸ, ਸੈਮਸੰਗ ਅਤੇ ਐਪਲ ਦੇ ਮਾਰਕੀਟ ਸ਼ੇਅਰ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਇਸ ਵਿਚ ਕਮੀ ਆਈ ਹੈ। 

ਪਹਿਲਾਂ ਨਾਲੋਂ ਘਟਿਆ ਮਾਰਕੀਟ ਸ਼ੇਅਰ
ਪਿਛਲੇ ਸਾਲ ਇਨ੍ਹਾਂ ਤਿੰਨਾਂ ਕੰਪਨੀਆਂ ਦੀ ਭਾਰਤੀ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ 83 ਫੀਸਦੀ ਹਿੱਸੇਦਾਰੀ ਸੀ ਜੋ ਇਸ ਸਾਲ ਘੱਟ ਕੇ 79 ਫੀਸਦੀ ’ਤੇ ਆ ਗਈ। ਇਸ ਦੇ ਪਿੱਛੇ ਦਾ ਕਾਰਨ ਓਪੋ, ਸ਼ਾਓਮੀ ਅਤੇ ਅਸੁਸ ਵਰਗੀਆਂ ਕੰਪਨੀਆਂ ਦੇ ਚੰਗੇ ਪ੍ਰਦਰਸ਼ਨ ਨੂੰ ਕਿਹਾ ਜਾ ਸਕਦਾ ਹੈ।