ਕੰਪਨੀਆਂ ਦਾ ਯੂ-ਟਿਊਬ ਤੋਂ ਇਸ਼ਤਿਹਾਰ ਵਾਪਸ ਲੈਣ ਦਾ ਸਿਲਸਿਲਾ ਜਾਰੀ

03/26/2017 11:58:43 AM

ਜਲੰਧਰ- ਵੱਡੀਆਂ ਕੰਪਨੀਆਂ ਦਾ ਯੂ-ਟਿਊਬ ਤੋਂ ਆਪਣੇ ਇਸ਼ਤਿਹਾਰਾਂ ਨੂੰ ਵਾਪਸ ਲੈਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਵੱਡੇ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨੂੰ ਇਤਰਾਜ਼ਯੋਗ ਵਿਸ਼ਿਆਂ ਵਾਲੇ ਵੀਡੀਓਜ਼ ਦੇ ਨਾਲ ਮਾਰਕੀਟਿੰਗ ਇਸ਼ਤਿਹਾਰਾਂ ਨੂੰ ਵਿਖਾਉਣ ਤੋਂ ਰੋਕਣ ਦੀ ਗੂਗਲ ਦੀ ਸਮਰੱਥਾ ''ਤੇ ਸ਼ੱਕ ਹੈ। ਜੇਕਰ ਗੂਗਲ ਇਸ਼ਤਿਹਾਰਦਾਤਿਆਂ ਨੂੰ ਵਾਪਸ ਲਿਆਉਣ ''ਚ ਨਾਕਾਮ ਰਹਿੰਦਾ ਹੈ ਤਾਂ ਉਸ ਨੂੰ ਮਾਲੀਏ ''ਚ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
 
ਪੈਪਸੀਕੋ, ਵਾਲਮਾਰਟ ਸਟੋਰਸ ਅਤੇ ਸਟਾਰਬਕਸ ਨੇ ਕੀਤੀ ਪੁਸ਼ਟੀ
ਪੈਪਸੀਕੋ, ਵਾਲਮਾਰਟ ਸਟੋਰਸ ਅਤੇ ਸਟਾਰਬਕਸ ਨੇ ਯੂ-ਟਿਊਬ ''ਤੇ ਆਪਣੇ ਇਸ਼ਤਿਹਾਰਾਂ ਨੂੰ ਰੱਦ ਕਰਨ ਦੀ ਕੱਲ ਪੁਸ਼ਟੀ ਕੀਤੀ ਸੀ। ਉਨ੍ਹਾਂ ਇਹ ਕਦਮ ਵਾਲ ਸਟਰੀਟ ਜਨਰਲ ਦੀ ਉਸ ਖਬਰ ਤੋਂ ਬਾਅਦ ਚੁੱਕਿਆ ਜਿਸ ''ਚ ਦੇਖਿਆ ਗਿਆ ਕਿ ਗੂਗਲ ਦੇ ਆਟੋਮੇਟਿਡ ਪ੍ਰੋਗਰਾਮ ਨੇ ਉਨ੍ਹਾਂ ਦੇ ਬਰਾਂਡਾਂ ਦੇ ਇਸ਼ਤਿਹਾਰ ਨਸਲੀ ਪ੍ਰਚਾਰ ਵਾਲੇ 5 ਵੀਡੀਓਜ਼ ਦੇ ਨਾਲ ਪ੍ਰਦਰਸ਼ਿਤ ਕੀਤੇ। ਇਸ ਤੋਂ ਪਹਿਲਾਂ ਏ. ਟੀ. ਐਂਡ ਟੀ., ਵੇਰੀਜ਼ੋਨ, ਜਾਨਸਨ ਐਂਡ ਜਾਨਸਨ, ਫਾਕਸਵੈਗਨ ਅਤੇ ਕਈ ਹੋਰ ਕੰਪਨੀਆਂ ਨੇ ਯੂ-ਟਿਊਬ ਤੋਂ ਆਪਣੇ ਇਸ਼ਤਿਹਾਰ ਵਾਪਸ ਲੈ ਲਏ ਸਨ ।
 
ਗੂਗਲ ਨੇ ਮੰਗੀ ਸੀ ਮੁਆਫੀ
ਬਰਾਂਡਾਂ ਦੀ ਸ਼ਾਖ ਖ਼ਰਾਬ ਕਰਨ ਲਈ ਗੂਗਲ ਨੇ ਮੁਆਫੀ ਮੰਗੀ ਸੀ ਅਤੇ ਇਤਰਾਜ਼ਯੋਗ ਵੀਡੀਓਜ਼ ਦੇ ਨਾਲ ਉਨ੍ਹਾਂ ਦੇ ਇਸ਼ਤਿਹਾਰ ਨਾ ਵਿਖਾਉਣ ਲਈ ਕਦਮ ਚੁੱਕਣ ਦਾ ਜ਼ਿਕਰ ਕੀਤਾ ਸੀ। ਇਸ ਦੇ ਬਾਵਜੂਦ ਇਸ਼ਤਿਹਾਰ ਵਾਪਸ ਲੈਣ ਦਾ ਸਿਲਸਿਲਾ ਜਾਰੀ ਹੈ। ਗੂਗਲ, ਯੂ-ਟਿਊਬ ਵੀਡੀਓ ''ਚ ਇਸ਼ਤਿਹਾਰ ਪਾਉਣ ਲਈ ਆਟੋਮੇਟਿਡ ਪ੍ਰੋਗਰਾਮ ''ਤੇ ਨਿਰਭਰ ਹੈ। ਯੂ-ਟਿਊਬ ''ਤੇ ਹਰ ਮਿੰਟ ਕਰੀਬ 400 ਘੰਟੇ ਦੇ ਵੀਡੀਓਜ਼ ਪਾਏ ਜਾਂਦੇ ਹਨ । ਇਸ਼ਤਿਹਾਰਦਾਤਿਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਭਰੋਸਾ ਨਹੀਂ ਹੋਵੇਗਾ ਕਿ ਹਾਲਾਤ ਗੂਗਲ ਦੇ ਕਾਬੂ ''ਚ ਹਨ ਉਦੋਂ ਤੱਕ ਉਹ ਯੂ-ਟਿਊਬ ''ਤੇ ਇਸ਼ਤਿਹਾਰ ਨਹੀਂ ਦੇਣਾ ਚਾਹੁਣਗੇ । 
 
ਵੈੱਬਸਾਈਟਾਂ ''ਤੇ ਵੀ ਇਸ਼ਤਿਹਾਰ ਦੇਣਾ ਬੰਦ ਕਰਨਗੀਆਂ ਕੰਪਨੀਆਂ
ਵਾਲਮਾਰਟ, ਪੈਪਸੀਕੋ ਅਤੇ ਕਈ ਹੋਰ ਕੰਪਨੀਆਂ ਨੇ ਕਿਹਾ ਹੈ ਕਿ ਉਹ ਯੂ-ਟਿਊਬ ''ਤੇ ਇਸ਼ਤਿਹਾਰ ਦੇਣਾ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਵੈੱਬਸਾਈਟਾਂ ''ਤੇ ਵੀ ਇਸ਼ਤਿਹਾਰ ਦੇਣਾ ਬੰਦ ਕਰ ਦੇਣਗੀਆਂ, ਜਿਨ੍ਹਾਂ ''ਤੇ ਗੂਗਲ ਇਸ਼ਤਿਹਾਰ ਪਾਉਂਦਾ ਹੈ।