ਜਿਓ ਦੇ ਜਵਾਬ 'ਚ ਇਹ ਕੰਪਨੀ ਸਿਰਫ 299 ਰੁਪਏ 'ਚ ਦੇ ਰਹੀ ਹੈ ਅਨਲਿਮਟਿਡ ਕਾਲਿੰਗ ਤੇ ਡਾਟਾ

08/10/2017 4:34:10 PM

ਜਲੰਧਰ- ਇੰਡਸਟਰੀ ਦੇ ਟ੍ਰੈਂਡ ਨੂੰ ਬਰਕਰਾਰ ਰੱਖਦੇ ਹੋਏ ਰਿਲਾਇੰਸ ਕਮਿਊਨੀਕੇਸ਼ੰਸ (ਆਰਕਾਮ) ਨੇ ਆਪਣਾ ਸਬਸਕ੍ਰਾਈਬਰ ਲਈ 299 ਰੁਪਏ ਦੀ ਕੀਮਤ ਵਾਲਾ ਨਵਾਂ ਪਲਾਨ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਟਵੀਟ ਕਰਕੇ ਇਸ ਨਵੇਂ ਰੈਂਟਲ ਪਲਾਨ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਰਿਲਾਇੰਸ ਮੋਬਾਇਲ ਨੇ ਹੁਣ ਤੱਕ ਦਾ ਸਭ ਤੋਂ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਦੀ ਕੀਮਤ 299 ਰੁਪਏ ਪ੍ਰਤੀ ਮਹੀਨਾ ਹੈ। 
ਆਰਕਾਮ ਦੇ ਨਵੇਂ ਲੇਟੈਸਟ ਰੈਂਟਲ ਪਲਾਨ ਨੂੰ ਏਅਰਟੈੱਲ, ਵੋਡਾਫੋਨ ਅਤੇ ਜਿਓ ਵਰਗੀਆਂ ਦਿੱਗਜ ਕੰਪਨੀਆਂ ਨੂੰ ਚੁਣੌਤੀ ਦੇਣ ਲਈ ਪੇਸ਼ ਕੀਤਾ ਗਿਆ ਹੈ। ਟੀਜ਼ਰ ਰਾਹੀਂ ਪੁੱਸ਼ਟੀ ਹੁੰਦੀ ਹੈ ਕਿ 299 ਰੁਪਏ ਵਾਲੇ ਪਲਾਨ ਦੇ ਤਹਿਤ ਆਰਕਾਮ ਗਾਹਕਾਂ ਨੂੰ ਅਨਲਿਮਟਿਡ ਕਾਲ, ਟੈਕਸਟ ਅਤੇ ਡਾਟਾ ਮਿਲੇਗਾ। ਹਾਲਾਂਕਿ, ਅਜੇ ਨਵੇਂ ਰੈਂਟਲ ਪਲਾਨ ਬਾਰੇ ਪੂਰੀ ਜਾਣਕਾਰੀ ਉਪਲੱਬਧ ਨਹੀਂ ਹੈ। ਆਰਕਾਮ ਸਬਸਕ੍ਰਾਈਬਰ ਨਵੇਂ ਆਫਰ ਨੂੰ ਪਾਉਣ ਲਈ 5shop.com 'ਤੇ ਜਾ ਸਕਦੇ ਹਨ। 
ਜ਼ਿਕਰਯੋਗ ਹੈ ਕਿ ਅਨਿਲ ਅੰਬਾਨੀ ਦੀ ਨਿਗਰਾਨੀ ਵਾਲੀ ਆਰਕਾਮ ਨੂੰ ਦੂਜੀਆਂ ਘਰੇਲੂ ਕੰਪਨੀਆਂ ਤੋਂ ਮਿਲ ਰਹੀ ਸਖਤ ਟੱਕਰ ਦੇ ਚੱਲਦੇ ਸੰਘਰਸ਼ ਕਰਨਾ ਪੈ ਰਿਹਾ ਹੈ। ਅਨਿਲ ਅੰਬਾਨੀ ਦੀ ਰਿਲਾਇੰਸ ਕਮਿਊਨੀਕੇਸ਼ੰਸ ਦੇ ਸ਼ੇਅਰ ਅਤੇ ਬ੍ਰਾਂਡ 'ਚ ਇਸੇ ਸਾਲ ਮਈ 'ਚ ਗਿਰਾਵਟ ਦੇਖੀ ਗਈ ਅਤੇ ਇਸ ਲਈ ਅਪ੍ਰਤੱਖ ਤੌਰ 'ਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਸੇਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। 
ਕਈ ਹਫਤੇ ਪਹਿਲਾਂ ਆਰਕਾਮ ਨੇ ਆਪਣੇ ਡੋਂਗਲ ਖਰੀਦਾਰਾਂ ਲਈ ਨਵਾਂ ਆਕਰਸ਼ਕ ਆਫਰ ਪੇਸ਼ ਕੀਤਾ ਸੀ। ਇਸ ਤਹਿਤ 5,199 ਰੁਪਏ ਦੇ ਪਲਾਨ 'ਚ ਇਕ ਸਾਲ ਲਈ 4ਜੀ ਸਿਮ ਅਤੇ 1ਜੀ.ਬੀ. ਡਾਟਾ ਹਰ ਰੋਜ਼ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਵਾਈ-ਪੌਡ ਡੋਂਗਲ ਦੀ ਕੀਮਤ 3,200 ਰੁਪਏ ਰੱਖੀ ਸੀ, ਜਿਸ ਦੀ ਮਿਆਦ 365 ਦਿਨ ਹੈ। ਇਸ ਡੀਲ ਦੇ ਤਹਿਤ ਇੱਛੁਕ ਗਾਹਕ ਨੂੰ 500 ਰੁਪਏ ਪ੍ਰਤੀ ਮਹੀਨਾ 'ਚ 4ਜੀ ਸਿਮ ਅਤੇ 1ਜੀ.ਬੀ. ਡਾਟਾ ਪ੍ਰਤੀ ਦਿਨ ਮਿਲੇਗਾ।