iPhone 11 ਦੀ ਸਕ੍ਰੀਨ ਨੂੰ ਲੈ ਕੇ ਪ੍ਰੇਸ਼ਾਨ ਹੋਏ ਯੂਜ਼ਰਜ਼, ਬਿਨਾਂ ਕਾਰਨ ਲੱਗ ਰਹੇ ਸਕ੍ਰੈਚ

10/09/2019 3:56:16 PM

ਗੈਜੇਟ ਡੈਸਕ– ਐਪਲ ਆਈਫੋਨ 11 ਨੂੰ ਲਾਂਚ ਹੋਏ ਕੁਝ ਹਫਤੇ ਬੀਤ ਚੁੱਕੇ ਹਨ। ਲਾਂਚ ਸਮੇਂ ਕੰਪਨੀ ਨੇ ਆਈਫੋਨ 11 ਦੇ ਖਾਸ ਫੀਚਰਜ਼ ਨੂੰ ਕਾਫੀ ਪ੍ਰਮੋਟ ਕੀਤਾ ਸੀ। ਇਨ੍ਹਾਂ ’ਚੋਂ ਇਕ ਸੀ ਫੋਨ ’ਚ ਦਿੱਤਾ ਗਿਆ ਮਜਬੂਤ ਗਲਾਸ। ਕੰਪਨੀ ਦਾ ਦਾਅਵਾ ਸੀ ਕਿ ਇਹ ਕਿਸੇ ਵੀ ਸਮਾਰਟਫੋਨ ’ਚ ਦਿੱਤੇ ਗਏ ਗਲਾਸ ਤੋਂ ਕਾਫੀ ਮਜਬੂਤ ਹੈ ਅਤੇ ਇਸ ’ਤੇ ਜਲਦੀ ਸਕ੍ਰੈਚ ਨਹੀਂ ਪੈਣਗੇ।

ਆਈਫੋਨ 11 ਦੀ ਡਿਸਪਲੇਅ ਅਤੇ ਬੈਕ ਪੈਨਲ ’ਤੇ ਇਕ ਹੀ ਕੁਆਲਿਟੀ ਦੇ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ। ਐਪਲ ਦਾ ਕਹਿਣਾ ਹੈ ਸੀ ਕਿ ਬੈਕ ਪੈਨਲ ’ਤੇ ਦਿੱਤਾ ਗਿਆ ਗਲਾਸ ਇਕ ਸਿੰਗਲ ਪੀਸ ਗਲਾਸ ਹੈ ਜਿਵੇਂ ਖਾਸ ਕੈਮਰਾ ਸਿਸਟਮ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਦਾ ਇਹ ਦਾਅਵਾ ਯੂਜ਼ਰਜ਼ ਦੀਆਂ ਉਮੀਦਾਂ ’ਤੇ ਖਰ੍ਹਾਂ ਉਤਰਦਾ ਨਹੀਂ ਦਿਸ ਰਿਹਾ। 

 

5 ਦਿਨਾਂ ਦੇ ਅੰਦਰ ਲੱਗਣ ਲਗਾ ਸਕ੍ਰੈਚ
ਹਾਲ ਹੀ ’ਚ ਕੁਝ ਯੂਜ਼ਰਜ਼ ਨੇ ਆਈਫੋਨ 11 ਦੇ ਗਲਾਸ ’ਤੇ ਸਕ੍ਰੈਚ ਲੱਗਣ ਦੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ਯੂਜ਼ਰਜ਼ ਦਾ ਕਹਿਣਾ ਹੈ ਕਿ ਜਿੰਨਾ ਇਸ ਗਲਾਸ ਨੂੰ ਪ੍ਰਮੋਟ ਕੀਤਾ ਗਿਆ ਸੀ ਇਹ ਉਸ ਦੇ ਨਜ਼ਦੀਕ ਵੀ ਨਹੀਂ ਪਹੁੰਚਦਾ। ਗਲਾਸ ’ਚ ਸਕ੍ਰੈਚ ਲੱਗਣ ਦੀ ਪਹਿਲੀ ਸ਼ਿਕਾਇਤ ਫੋਨ ਦੇ ਲਾਂਚ ਹੋਣ ਦੇ 5 ਦਿਨਾਂ ਦੇ ਅੰਦਰ ਹੀ ਆ ਗਈ ਸੀ। ਫੋਨ ਨੂੰ ਖਰੀਦਣ ਵਾਲੇ ਯੂਜ਼ਰ ਨੇ ਐਪਲ ਦੇ ਕਮਿਊਨਿਟੀ ਸਪੋਰਟ ਪੇਜ ’ਤੇ ਲਿਖਿਆ ਕਿ ਉਸ ਦੇ ਨਵੇਂ ਆਈਫੋਨ ’ਚ 2 ਦਿਨਾਂ ਬਾਅਦ ਹੀ ਸਕ੍ਰੈਚ ਲੱਗਣੇ ਸ਼ੁਰੂ ਹੋ ਗਏ। ਕੁਝ ਯੂਜ਼ਰਜ਼ ਨੇ ਸਕ੍ਰੈਚ ਲੱਗੇ ਆਈਫੋਨ 11 ਦੀ ਸਕਰੀਨ ਦੀ ਵੀਡੀਓ ਨੂੰ ਟਵਿਟਰ ’ਤੇ ਵੀ ਸ਼ੇਅਰ ਕੀਤਾ। 

ਪੁਰਾਣੇ ਆਈਫੋਨ ’ਚ ਨਹੀਂ ਸੀ ਇਹ ਸਮੱਸਿਆ
250 ਤੋਂ ਜ਼ਿਆਦਾ ਯੂਜ਼ਰਜ਼ ਨੇ ਐਪਲ ਕਮਿਊਨਿਟੀ ਸਪੋਰਟ ਪੇਜ ’ਤੇ ਕੰਪਨੀ ਤੋਂ ਇਹੀ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਨਵੇਂ ਆਈਫੋਨ 11 ’ਚ ਸਕ੍ਰੈਚ ਕਿਉਂ ਲੱਗ ਰਿਹਾ ਹੈ। ਉਥੇ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਾਲੇ ਯੂਜ਼ਰਜ਼ ਨੇ ਵੀ ਆਈਫੋਨ 11 ’ਚ ਸਕ੍ਰੈਚ ਲੱਗਣ ਦੀ ਗੱਲ ਨੂੰ ਹੀ ਦੋਹਰਾਇਆ ਹੈ। ਦੱਸ ਦੇਈਏ ਕਿ ਐਪਲ ਕਮਿਊਨਿਟੀ ਐਪਲ ਯੂਜ਼ਰਜ਼ ਦੁਆਰਾ ਬਣਾਈ ਗਈ ਇਕ ਕਮਿਊਨਿਟੀ ਹੈ ਅਤੇ ਇਸ ਵਿਚ ਕੋਈ ਵੀ ਐਪਲ ਸਟਾਫ ਸ਼ਾਮਲ ਨਹੀਂ ਹੈ। ਜ਼ਿਆਦਾਤਰ ਯੂਜ਼ਰਜ਼ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਆਈਫੋਨ 11 ’ਚ ਬਿਨਾਂ ਕਿਸੇ ਕਾਰਨ ਸਕ੍ਰੈਚ ਲੱਗ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਯੂਜ਼ਰਜ਼ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਐਪਲ ਦੇ ਪੁਰਾਣੇ ਆਈਫੋਨਜ਼ ’ਚ ਇਹ ਸਮੱਸਿਆ ਨਹੀਂ ਸੀ। 

ਐਪਲ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ
ਆਈਫੋਨ 11 ਇਸਤੇਮਾਲ ਕਰਨ ਵਾਲੇ ਇਕ ਯੂਜ਼ਰ ਨੇ ਲਿਖਿਆ, ‘ਅਜਿਹਾ ਲੱਗ ਰਿਹਾ ਹੈ ਕਿ ਐਪਲ ਆਈਫੋਨ 11 ’ਚ ਆਉਣ ਵਾਲੀ ਇਹ ਸਮੱਸਿਆ ਮੈਨਿਊਫੈਕਚਰਿੰਗ ਡਿਫੈਕਟ ਹੈ ਜੋ ਫੋਨ ਇਸਤੇਮਾਲ ਕਰਨ ਦੇ 24 ਘੰਟੇ ਦੇ ਅੰਦਰ ਹੀ ਸਾਹਮਣੇ ਆ ਰਹੀ ਹੈ।’ ਇਸ ਬਾਰੇ ਜਦੋਂ ਇਕ ਨਿਊਜ਼ ਵੈੱਬਸਾਈਟ ਨੇ ਐਪਲ ਨਾਲ ਸੰਪਰਕ ਕੀਤਾ ਤਾਂ ਕੰਪਨੀ ਨੇ ਅਜੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।