ਮੋਬਾਇਲ ਇੰਟਰਨੈੱਟ ਸਪੀਡ ’ਚ ਭਾਰਤ ਪਾਕਿਸਤਾਨ ਤੋਂ ਵੀ ਪਿੱਛੇ, ਪਹਿਲੇ ਨੰਬਰ ’ਤੇ ਇਹ ਦੇਸ਼

09/23/2019 6:16:11 PM

ਗੈਜੇਟ ਡੈਸਕ– ਇੰਟਰਨੈੱਟ ਸਪੀਡ ਦੇ ਮਾਮਲੇ ’ਚ 145 ਦੇਸ਼ਾਂ ’ਚ ਭਾਰਤ 131ਵੇਂ ਨੰਬਰ ’ਤੇ ਹੈ। Ookla ਦੀ ‘ਸਪੀਡਟੈਸਟ ਗਲੋਬਲ ਇੰਡੈਕਸ’ ਮੁਤਾਬਕ, ਸਾਊਥ ਕੋਰੀਆ ਇਸ ਮਾਮਲੇ ’ਚ ਪਹਿਲੇ ਸਥਾਨ ’ਤੇ ਰਿਹਾ। ਸਾਊਥ ਕੋਰੀਆ ’ਚ ਔਸਤ ਮੋਬਾਇਲ ਇੰਟਰਨੈੱਟ ਸਪੀਡ 111Mbps ਰਹੀ। ਇਹ ਸਪੀਡ ਆਸਟ੍ਰੇਲੀਆ ਦੀ ਔਸਤ ਸਪੀਡ ਤੋਂ ਲਗਭਗ ਦੁਗਣੀ ਹੈ ਜੋ 66.45Mbps ਦੀ ਔਸਤ ਸਪੀਡ ਦੇ ਨਾਲ ਦੂਜੇ ਨੰਬਰ ’ਤੇ ਰਿਹਾ। 

ਟਾਪ 10 ਦੇਸ਼ਾਂ ’ਚ ਸ਼ਾਮਲ ਨਹੀਂ ਯੂ.ਐੱਸ.
ਕਤਰ, ਨਾਰਵੇ ਅਤੇ ਯੂ.ਏ.ਈ. ਤੀਜੇ, ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹੇ। ਯੂਨਾਈਟਿਡ ਸਟੇਟਸ ਟਾਪ 10 ’ਚ ਸ਼ਾਮਲ ਨਹੀਂ ਹੋ ਸਕਿਆ। 36.23Mbps ਸਪੀਡ ਦੇ ਨਾਲ ਯੂ.ਐੱਸ. 35ਵੇਂ ਨੰਬਰ ’ਤੇ ਰਿਹਾ। 

ਪਕਿਸਤਾਨ ਤੋਂ ਵੀ ਪਿੱਛੇ ਭਾਰਤ
ਰਿਪੋਰਟ ਮੁਤਾਬਕ, ਭਾਰਤ ਪਾਕਿਸਤਾਨ, ਸ਼੍ਰੀਲੰਕਾ ਅਤੇ ਨੇਪਾਲ ਵਰਗੇ ਦੇਸ਼ਾਂ ਤੋਂ ਵੀ ਪਿੱਛੇ ਰਿਹਾ। ਭਾਰਤ ਦੀ ਔਸਤ ਸਪੀਡ 10.65Mbps ਰਹੀ ਜੋ ਅਗਸਤ 2018 ਦੇ ਮੁਕਾਬਲੇ 1.50Mbps ਜ਼ਿਆਦਾ ਹੈ। ਸ਼੍ਰੀਲੰਕਾ 22.04Mbpsਦੀ ਸਪੀਡ ਦੇ ਨਾਲ 83ਵੇਂ ਸਥਾਨ ’ਤੇ ਰਿਹਾ। ਪਾਕਿਸਤਾਨ 118ਵੇਂ ਸਥਾਨ ’ਤੇ ਰਿਹਾ ਅਤੇ ਪਾਕਿਸਤਾਨ ਦੀ ਔਸਤ ਸਪੀਡ 13.08Mbps ਰਹੀ। ਨੇਪਾਲ ਨੂੰ 130ਵਾਂ ਸਥਾਨ ਮਿਲਿਆ। ਨੇਪਾਲ ’ਚ ਔਸਤ ਮੋਬਾਇਲ ਇੰਟਰਨੈੱਟ ਸਪੀਡ 10.78Mbps ਰਹੀ। 

ਇਸ ਤੋਂ ਪਹਿਲਾਂ ਹਾਲ ਹੀ ’ਚ Ookla ਨੇ ਇਕ ਦੂਜੀ ਰਿਪੋਰਟ ’ਚ ਦੱਸਿਆਸੀ ਕਿ ਭਾਰਤ ਦੀ ਔਸਤ ਇੰਟਰਨੈੱਟ ਸਪੀਡ ਗਲੋਬਲ ਔਸਤ ਇੰਟਰਨੈੱਟ ਸਪੀਡ ਤੋਂ ਘੱਟ ਹੈ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਇਸ ਮਾਮਲੇ ’ਚ ਸਿੰਗਾਪੋਰ ਪਹਿਲੇ ਨੰਬਰ ’ਤੇ ਹੈ। ਸਿੰਗਾਪੋਰ ’ਚ ਫਿਕਸਡ ਬ੍ਰਾਡਬੈਂਡ ਦੀ ਸਪੀਡ ’ਚ 5.6 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। ਉਥੇ ਹੀ 5ਜੀ ਨੈੱਟਵਰਕ ਵਾਲੇ ਸਾਊਥ ਕੋਰੀਆ ’ਚ ਮੋਬਾਇਲ ਡਾਊਨਲੋਡ ਦੀ ਸਪੀਡ ’ਚ 165.9 ਫੀਸਦੀ ਦਾ ਵਾਧਾ ਹੋਇਆ।

ਸਾਊਥ ਏਸ਼ੀਅਨ ਦੇਸ਼ਾਂ ’ਚ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਇੰਟਰਨੈੱਟ ਦੀ ਸਪੀਡ ਔਸਤ ਤੋਂ ਵੀ ਘੱਟ ਦਰਜ ਕੀਤੀ ਗਈ। ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਕੰਬੋਡੀਆ, ਫਿਲੀਪੀਂਸ, ਵਿਅਤਨਾਮ ਅਤੇ ਜੋਰਡਨ ਵਰਗੇ ਦੇਸ਼ ਵੀ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਪਿੱਛੇ ਹਨ। ਦੱਸ ਦੇਈਏ ਕਿ ਭਾਰਤੀ ਟੈਲੀਕਾਮ ਇੰਡਸਟਰੀ ’ਚ ਰਿਲਾਇੰਸ ਜਿਓ ਦੀ ਐਂਟਰੀ ਤੋਂ ਬਾਅਦ ਡਾਟਾ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ।