ਬੁਲੇਟ ਦੀ ਟੱਕਰ ’ਚ ਹੋਂਡਾ ਨੇ ਭਾਰਤ ’ਚ ਲਾਂਚ ਕੀਤਾ Highness CB350 ਮੋਟਰਸਾਈਕਲ, ਜਾਣੋ ਕੀਮਤ

09/30/2020 2:06:06 PM

ਆਟੋ ਡੈਸਕ– ਹੋਂਡਾ ਟੂ-ਵ੍ਹੀਲਰ ਇੰਡੀਆ ਨੇ ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ ਆਪਣੇ 350cc ਵਾਲੇ ਦਮਦਾਰ ਮੋਟਰਸਾਈਕਲ H'ness CB350 ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ਦੇ ਡਿਜ਼ਾਇਨ ਨੂੰ ਪੂਰੀ ਤਰ੍ਹਾਂ ਕਲਾਸਿਕ ਬਾਈਕ ਵਰਗਾ ਹੀ ਰੱਖਿਆ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 1.90 ਲੱਖ ਰੁਪਏ (ਐਕਸ-ਸ਼ੋਅਰੂਮ) ਦੱਸੀ ਹੈ। ਇਸ ਨੂੰ ਕੁੱਲ 6 ਰੰਗਾਂ ’ਚ ਮੁਹੱਈਆ ਕੀਤਾ ਜਾਵੇਗਾ ਅਤੇ ਸਾਰੇ ਹੀ ਡਿਊਲ ਸ਼ੇਡ ਹੋਣਗੇ। ਇਸ ਨੂੰ ਦੋ ਮਾਡਲਾਂ- ਡੀਲੈਕਸ ਅਤੇ ਡੀਲੈਕਸ ਪ੍ਰੋ ’ਚ ਲਿਆਇਆ ਜਾ ਸਕਦਾ ਹੈ। 

ਸ਼ੁਰੂ ਹੋਈ ਬੁਕਿੰਗ
ਇਸ ਮੋਟਰਸਾਈਕਲ ਦੀ ਬੁਕਿੰਗ ਕੰਪਨੀ ਨੇ 5,000 ਰੁਪਏ ’ਚ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਇਸ ਨੂੰ ਖ਼ਰੀਦਣਾ ਚਾਹੁੰਦੇ ਹੋ ਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਹੋਂਡਾ ਬਿਕ ਵਿੰਗਸ ਆਊਟਲੇਟਸ ਰਾਹੀਂ ਇਸ ਨੂੰ ਬੁੱਕ ਕਰ ਸਕਦੇ ਹੋ। 

ਇੰਜਣ
ਹੋਂਡਾ ਦੇ ਇਸ ਮੋਟਰਸਾਈਕਲ ’ਚ 348cc ਦਾ ਸਿੰਗਲ ਸਿਲੰਡਰ, ਫਿਊਲ ਇੰਜੈਕਟਿਡ, ਏਅਰ ਕੂਲਡ ਇੰਜਣ ਲੱਗਾ ਹੈ ਜਿਸ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਇੰਜਣ 20.8 ਐੱਚ.ਪੀ. ਦੀ ਪਾਵਰ ਅਤੇ 30 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ’ਚ ਬਲੂਟੂਥ ਕੁਨੈਕਟੀਵਿਟੀ ਦੀ ਸੁਵਿਧਾ ਦਿੱਤੀ ਗਈ ਹੈ। ਤੁਸੀਂ ਆਪਣੇ ਸਮਾਰਟਫੋਨ ਨੂੰ ਇਸ ਦੇ ਮੀਟਰ ਨਾਲ ਕੁਨੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਬੈਟਰੀ ਹੈਲਥ ਮਾਨੀਟਰ, ਆਲ ਐੱਲ.ਈ.ਡੀ. ਲਾਈਟਨਿੰਗ ਸਿਸਟਮ ਅਤੇ ਵਾਇਸ ਕੰਟਰੋਲ ਸਿਸਟਮ ਦੀ ਵੀ ਸੁਵਿਧਾ ਇਸ ਵਿਚ ਮਿਲਦੀ ਹੈ। ਡਿਊਲ ਹੋਰਨ ਇਸ ਵਿਚ ਕੰਪਨੀ ਵਲੋਂ ਹੀ ਲਗਾਏ ਗਏ ਹਨ। 

ਭਾਰਤ ’ਚ ਇਨ੍ਹਾਂ ਮੋਟਰਸਾਈਕਲਾਂ ਨਾਲ ਹੋਵੇਗਾ ਮੁਕਾਬਲਾ
ਹੋਂਡਾ ਦਾ ਇਹ ਮੋਟਰਸਾਈਕਲ ਭਾਰਤੀ ਬਾਜ਼ਾਰ ’ਚ ਰਾਇਲ ਐਨਫੀਲਡ ਕਲਾਸਿਕ 350, ਜਾਵਾ ਦੇ ਸਾਰੇ ਮਾਡਲਾਂ ਅਤੇ ਬੇਨੇਲੀ ਇੰਪੀਰੀਅਲੇ 400 ਨੂੰ ਜ਼ਬਰਦਸਤ ਟੱਕਰ ਦੇਵੇਗਾ। 

Rakesh

This news is Content Editor Rakesh