ਏਅਰ ਕੰਡੀਸ਼ਨਿੰਗ ਦਾ ਖਰਚਾ ਘੱਟ ਕਰੇਗੀ ਹੀਟ ਰਿਜੈਕਟਿੰਗ ਫਿਲਮ

11/13/2018 2:09:54 AM

ਗੈਜੇਟ ਡੈਸਕ : ਗਰਮੀ ਵਧਣ ’ਤੇ ਜ਼ਿਆਦਾਤਰ ਘਰਾਂ ਤੇ ਦਫਤਰਾਂ ’ਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਨਾਲ ਬਿਜਲੀ ਦਾ ਬਿੱਲ ਕਾਫੀ ਵਧ ਜਾਂਦਾ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਬਿਜਲੀ ਦਾ ਬਿੱਲ ਘੱਟ ਕਰਨ ਲਈ ਨਵੀਂ ਹੀਟ ਰਿਜੈਕਟਿੰਗ ਫਿਲਮ ਤਿਆਰ ਕੀਤੀ ਗਈ ਹੈ। ‘ਵਿੰਡੋ ਕੋਟਿੰਗ’ ਨਾਂ ਦੀ ਇਹ ਤਕਨੀਕ MIT ਤੇ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਿਗਿਆਨੀਆਂ ਨੇ ਵਿਕਸਿਤ ਕੀਤੀ ਹੈ। ਇਸ ਦੀ ਮਦਦ ਨਾਲ 70 ਫੀਸਦੀ ਤਕ ਸੂਰਜ ਦੀ ਰੌਸ਼ਨੀ ਘੱਟ ਕੀਤੀ ਜਾ ਸਕਦੀ ਹੈ ਅਤੇ ਘਰ ਦੇ ਅੰਦਰਲਾ ਤਾਪਮਾਨ ਬਣਾਈ ਰੱਖਣ ਅਤੇ ਗਰਮ ਹੋਣ ਤੋਂ ਰੋਕਣ ਵਿਚ ਵੀ ਇਹ ਕਾਫੀ ਮਦਦ ਕਰਦੀ ਹੈ। ਇਸ ਨਾਲ ਤੁਹਾਡੇ ਏਅਰ ਕੰਡੀਸ਼ਨਰ ’ਤੇ ਲੋਡ ਘੱਟ ਪਵੇਗਾ, ਜਿਸ ਨਾਲ ਪੈਸਿਆਂ ਦੀ ਵੀ ਬੱਚਤ ਹੋਵੇਗੀ।

ਇੰਝ ਕੰਮ ਕਰਦੀ ਹੈ ਨਵੀਂ ਤਕਨੀਕ
 ਹੀਟ ਰਿਜੈਕਟਿੰਗ ਫਿਲਮ ’ਚ ਸਟੈਂਡਰਡ ਪੋਲੀ-ਮੈਟੀਰੀਅਲ ਨਾਲ ਛੋਟੇ-ਛੋਟੇ ਸਰਕਲ ਬਣਾਏ ਗਏ ਹਨ, ਜਿਨ੍ਹਾਂ ’ਚ ਪਾਣੀ ਭਰਿਆ ਹੋਇਆ ਹੈ। 30 ਡਿਗਰੀ ਸੈਲਸੀਅਸ ਤਾਪਮਾਨ ਹੋਣ ’ਤੇ ਇਹ ਸਰਕਲ ਸੁੰਗੜ ਜਾਣਗੇ ਅਤੇ ਪਾਣੀ ਨੂੰ ਫਿਲਮ ਦੇ ਅੰਦਰ ਹੀ ਕੱਢ ਦੇਣਗੇ। ਅਜਿਹਾ ਹੋਣ ’ਤੇ ਅੰਦਰ ਧੁੰਦ ਜਮ੍ਹਾ ਹੋ ਜਾਵੇਗੀ, ਜਿਸ ਨਾਲ 70 ਫੀਸਦੀ ਤਕ ਹੀਟ ਨੂੰ ਰੋਕਿਆ ਜਾ ਸਕਦਾ ਹੈ ਪਰ ਇਸ ਦੌਰਾਨ ਲਾਈਟ ਅੰਦਰ ਪਹੁੰਚਦੀ ਰਹੇਗੀ।

ਸਫਲ ਰਿਹਾ ਟੈਸਟ : ਨਵੀਂ ਤਕਨੀਕ 'ਤੇ ਟੈਸਟ ਕਰਨ ਲਈ ਟੀਮ ਨੇ ਛੋਟਾ ਚੈਂਬਰ ਬਣਾਇਆ ਹੈ, ਜਿਸ ਨੂੰ ਹੀਟ ਰਿਜੈਕਸ਼ਨ ਫਿਲਮ ਨਾਲ ਕੋਟ ਕੀਤਾ ਗਿਆ ਹੈ। ਇਸ ਦੌਰਾਨ ਘਰ ਦਾ ਤਾਪਮਾਨ 38 ਡਿਗਰੀ ਸੈਲਸੀਅਸ ਤਕ ਰੱਖਿਆ ਗਿਆ। ਟੈਸਟ ਕਰਨ ’ਤੇ ਪਤਾ ਲੱਗਾ ਕਿ ਫਿਲਮ ਲਾਉਂਦਿਆਂ ਹੀ ਅੰਦਰ ਦਾ ਤਾਪਮਾਨ 33 ਡਿਗਰੀ ਰਹਿ ਗਿਆ। ਇਸ ਨੂੰ ਕੋਈ ਜ਼ਿਆਦਾ ਫਰਕ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਤੁਹਾਡੇ ਏ. ਸੀ. ਦੇ ਖਰਚੇ ਨੂੰ ਘੱਟ ਕਰਨ ਵਿਚ ਕਾਫੀ ਮਦਦ ਕਰੇਗਾ।