ਸਰਕਾਰ ਗੱਡੀ ਦੇ ਟਾਇਰਾਂ ਨੂੰ ਲੈ ਕੇ ਲਾਗੂ ਕਰਨ ਜਾ ਰਹੀ ਹੈ ਲਾਜ਼ਮੀ ਨਿਯਮ

05/24/2021 12:00:40 PM

ਨਵੀਂ ਦਿੱਲੀ- ਹੁਣ ਜਲਦ ਹੀ ਭਾਰਤ ਵਿਚ ਵਿਕਣ ਵਾਲੇ ਗੱਡੀ ਦੇ ਟਾਇਰਾਂ ਲਈ ਸਰਕਾਰ ਨਵੇਂ ਲਾਜ਼ਮੀ ਨਿਯਮ ਲਾਗੂ ਕਰਨ ਜਾ ਰਹੀ ਹੈ। ਨਵੇਂ ਨਿਯਮਾਂ ਵਿਚ ਟਾਇਰ ਦੀ ਰੋਲਿੰਗ ਪ੍ਰਤੀਰੋਧ ਸਮਰੱਥਾ, ਗਿੱਲੀ ਸੜਕ 'ਤੇ ਇਸ ਦੀ ਪਕੜ ਅਤੇ ਤੇਲ ਬਚਾਉਣ ਦੀ ਸਮਰੱਥਾ ਦੇ ਆਧਾਰ 'ਤੇ ਰੇਟਿੰਗਸ ਹੋਵੇਗੀ। ਇਹ ਟਾਇਰਾਂ ਲਈ "ਸਟਾਰ ਰੇਟਿੰਗ" ਪ੍ਰਣਾਲੀ ਲਿਆਉਣ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ। ਨਵੇਂ ਡਿਜ਼ਾਇਨ ਦੇ ਟਾਇਰਾਂ ਨਾਲ ਤੁਹਾਡੀ ਗੱਡੀ ਦੀ ਮਾਈਲੇਜ ਵਧੇਗੀ, ਨਾਲ ਹੀ ਬ੍ਰੇਕ ਲਾਉਣ ਵੇਲੇ ਗਿੱਲੀ ਸੜਕ 'ਤੇ ਵੀ ਇਨ੍ਹਾਂ ਦੀ ਪਕੜ ਮਜਬੂਤ ਹੋਵੇਗੀ।

ਇਸੇ ਤਰ੍ਹਾਂ ਦੇ ਨਿਯਮ ਪਹਿਲਾਂ ਹੀ ਯੂਰਪ ਵਰਗੇ ਬਜ਼ਾਰਾਂ ਵਿਚ ਸਾਲ 2016 ਤੋਂ ਲਾਗੂ ਹਨ ਅਤੇ ਇਨ੍ਹਾਂ ਦਾ ਉਦੇਸ਼ ਗਾਹਕਾਂ ਲਈ ਟਾਇਰ ਦੀ ਕਾਰਗੁਜ਼ਾਰੀ ਤੇ ਸੁਰੱਖਿਆ ਪੱਖਾਂ ਵਿਚ ਸੁਧਾਰ ਕਰਨਾ ਹੈ।

ਇਨ੍ਹਾਂ ਨਿਯਮਾਂ ਦੀ ਕਾਰਾਂ, ਬੱਸਾਂ ਅਤੇ ਭਾਰੀ ਵਾਹਨਾਂ ਦੇ ਘਰੇਲੂ ਟਾਇਰ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਦੋਹਾਂ ਨੂੰ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਹੋਵੇਗੀ। ਸੜਕ ਮੰਤਰਾਲਾ ਦਾ ਸਾਰੇ ਨਵੇਂ ਟਾਇਰਾਂ ਲਈ 1 ਅਕਤੂਬਰ 2021 ਤੋਂ ਇਹ ਨਿਯਮ ਲਾਗੂ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ, ਕਾਰਾਂ, ਬੱਸਾਂ ਅਤੇ ਟਰੱਕਾਂ ਵਿਚ ਫਿਲਹਾਲ ਜੋ ਟਾਇਰ ਲੱਗ ਰਹੇ ਹਨ ਉਨ੍ਹਾਂ ਨੂੰ ਆਗਾਮੀ ਇਕ ਸਾਲ ਯਾਨੀ 1 ਅਕਤੂਬਰ 2022 ਤੱਕ ਇਸ ਤੋਂ ਛੋਟ ਹੋਵੇਗੀ। 

ਇਹ ਵੀ ਪੜ੍ਹੋ- ਸੋਨਾ 4 ਮਹੀਨੇ ਦੇ ਉੱਚੇ ਪੱਧਰ 'ਤੇ ਪੁੱਜਾ, ਚਾਂਦੀ ਵੀ 71 ਹਜ਼ਾਰ ਰੁ: ਤੋਂ ਹੋਈ ਪਾਰ

ਉੱਥੇ ਹੀ, ਇਸ ਸਮੇਂ ਪੁਰਾਣੇ ਟਾਇਰਾਂ ਵਾਲੀ ਗੱਡੀ ਵਿਚ 1 ਅਕਤੂਬਰ 2022 ਤੋਂ ਜ਼ਰੂਰੀ ਤੌਰ 'ਤੇ ਨਵੇਂ ਡਿਜ਼ਾਇਨ ਦੇ ਟਾਇਰ ਹੀ ਲਵਾਉਣੇ ਹੋਣਗੇ। ਇਸ ਸਾਲ 1 ਅਕਤੂਬਰ ਤੋਂ ਨਿਯਮ ਲਾਗੂ ਹੋਣ ਤੋਂ ਬਾਅਦ ਬਾਜ਼ਾਰ ਵਿਚ ਖ਼ਰੀਦਦਾਰ ਰੇਟਿੰਗ ਦੇ ਹਿਸਾਬ ਨਾਲ ਆਪਣੀ ਗੱਡੀ ਲਈ ਘੱਟ ਤੇਲ ਖ਼ਪਤ ਦੀ ਰੇਟਿੰਗ ਦੇ ਨਾਲ ਬਿਹਤਰ ਟਾਇਰ ਖ਼ਰੀਦ ਸਕਣਗੇ। ਮੰਤਰਾਲਾ ਨੇ ਇਸ ਦਾ ਖਰੜਾ ਸੋਸ਼ਲ ਅਕਾਊਂਟ 'ਤੇ ਅਪਲੋਡ ਕਰ ਦਿੱਤਾ ਹੈ। ਇਸ 'ਤੇ ਲੋਕਾਂ ਕੋਲੋਂ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਇਸ ਲਈ ਕੋਈ ਵੀ ਵਿਅਕਤੀ ਸਰਕਾਰ ਨੂੰ ਸੁਝਾਅ ਭੇਜ ਸਕਦਾ ਹੈ।

ਇਹ ਵੀ ਪੜ੍ਹੋ- Bitcoin 'ਚ ਤੇਜ਼ ਗਿਰਾਵਟ, 32 ਹਜ਼ਾਰ ਡਾਲਰ ਤੋਂ ਥੱਲ੍ਹੇ ਡਿੱਗਾ, ਨਿਵੇਸ਼ਕ ਡੁੱਬੇ!

►ਟਾਇਰਾਂ ਦੀ ਰੇਟਿੰਗ ਦੇ ਨਵੇਂ ਨਿਯਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev