ਪਲੇਅ ਸਟੋਰ ਤੋਂ ਫਿਰ ਹਟਾਈ ਗਈ ToTok ਐਪ, ਕਰਦੀ ਸੀ ਯੂਜ਼ਰਜ਼ ਦੀ ਜਾਸੂਸੀ

02/15/2020 6:08:35 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਪ੍ਰਸਿੱਧ ਮੈਸੇਜਿੰਗ ਐਪ ToTok ਨੂੰ ਹਟਾ ਦਿੱਤਾ ਹੈ। ਅਜਿਹਾ ਦੋਸ਼ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸਰਕਾਰ ਇਸ ਐਪ ਰਾਹੀਂ ਲੋਕਾਂ ਦੀ ਜਾਸੂਸੀ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਯੂ.ਏ.ਈ. ਦੀ ਸਰਕਾਰ ’ਤੇ ਇਹ ਦੋਸ਼ ਲੱਗ ਚੁੱਕਾ ਹੈ ਜਿਸ ਤੋਂ ਬਾਅਦ ਗੂਗਲ ਨੇ ਪਲੇਅ ਸਟੋਰ ਤੋਂ ਇਹ ਐਪ ਹਟਾ ਦਿੱਤੀ ਸੀ। ਇਹ ਐਪ ਯੂ.ਏ.ਈ. ਸਮੇਤ ਮਿਡਲ ਈਸਟ ਦੇ ਕਈ ਦੇਸ਼ਾਂ, ਯੂਰਪ, ਏਸ਼ੀਆ, ਅਫਰੀਕਾ ਅਤੇ ਨੋਰਥ ਅਮਰੀਕਾ ਵਰਗੇ ਦੇਸ਼ਾਂ ’ਚ ਕਾਫੀ ਪ੍ਰਸਿੱਧ ਹੈ। ਐਂਡਰਾਇਡ ਅਤੇ iOS ਪਲੇਟਫਾਰਮ ’ਤੇ ਇਹ ਐਪ ਕਈ ਮਿਲੀਅਨ ਵਾਰ ਡਾਊਨਲੋਡ ਹੋ ਚੁੱਕੀ ਹੈ। 

ਐਪ ’ਤੇ ਜਾਸੂਸੀ ਕਰਨ ਦਾ ਦੋਸ਼
ਕੁਝ ਸਮਾਂ ਪਹਿਲਾਂ ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ, ਯੂ.ਏ.ਈ. ਦੀ ਸਰਕਾਰ ਇਸ ਐਪ ਦਾ ਇਸਤੇਮਾਲ ਲੋਕਾਂ ਦੀ ਜਾਸੂਸੀ ਕਰਨ ਲਈ ਕਰ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਇਸ ਐਪ ਰਾਹੀਂਲੋਕਾਂ ਦੀ ਗੱਲਬਾਤ, ਮੂਵਮੈਂਟ, ਰਿਲੇਸ਼ਨਸ਼ਿਪ, ਅਪੁਆਇੰਟਮੈਂਟ, ਸਾਊਂਡ ਅਤੇ ਇਮੇਜ ਨੂੰ ਟਰੈਕ ਕਰ ਰਹੀ ਸੀ। ਇਸ ਐਪ ਰਾਹੀਂ ਉਨ੍ਹਾਂ ਸਾਰੇ ਯੂਜ਼ਰਜ਼ ਦੀ ਜਾਸੂਸੀ ਕੀਤੀ ਜਾ ਰਹੀ ਸੀ ਜਿਨ੍ਹਾਂ ਦੇ ਫੋਨ ’ਚ ਇਹ ਐਪ ਇੰਸਟਾਲ ਹੈ। 

ਡਾਰਕ ਮੈਟਰ ਨਾਲ ਹੈ ਕੁਨੈਕਸ਼ਨ
ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਇਸ ਐਪ ਨੂੰ ਡਿਵੈੱਲਪ ਕਰਨ ਵਾਲੀ ਫਰਮ Breej Holding ਦਾ ਸਿੱਧਾ ਸਬੰਧ ਆਬੂ ਧਾਬੀ ਦੀ ਸਾਈਬਰ ਇੰਟੈਲੀਜੈਂਸ ਫਰਮ ਡਾਰਕਮੈਟਰ ਨਾਲ ਹੈ। ਡਾਰਕ ਮੈਟਰ ’ਤੇ ਐੱਫ.ਬੀ.ਆਈ. ਪਹਿਲਾਂ ਤੋਂ ਹੀ ਜਾਂਚ ਕਰ ਰਹੀ ਹੈ। 

ToTok ਨੇ ਦੋਸ਼ਾਂ ਨੂੰ ਨਕਾਰਿਆ
ToTok ਐਪ ਦੇ ਕੋ-ਫਾਊਂਡਰ ਨੇ ਜਾਸੂਸੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਗੂਗਲ ਇਸ ਤੋਂ ਪਹਿਲਾਂ ਵੀ ਇਹ ਐਪ ਪਲੇਅ ਸਟੋਰ ਤੋਂ ਹਟਾ ਚੁੱਕੀ ਹੈ। ਪਰ ਕੁਝ ਸਮੇਂ ਬਾਅਦ ਇਸ ਨੂੰ ਦੁਬਾਰਾ ਪਲੇਅ ਸਟੋਰ ’ਤੇ ਥਾਂ ਦਿੱਤੀ ਗਈ। ਮੌਜੂਦਾ ਸਮੇਂ ’ਚ ਇਹ ਐਪ ਗੂਗਲ ਅਤੇ ਐਪਲ ਦੋਵਾਂ ਹੀ ਸਟੋਰਾਂ ਤੋਂ ਹਟਾ ਦਿੱਤੀ ਗਈ ਹੈ।