Play store ਨੂੰ ਲੈ ਕੇ ਗੂਗਲ ਨੇ ਲਿਆ ਐਕਸ਼ਨ, ਹਟਾਈਆਂ 85 ਖਤਰਨਾਕ ਐਪਸ

08/19/2019 11:02:15 AM

ਗੈਜੇਟ ਡੈਸਕ– ਗੂਗਲ ਨੇ ਪਲੇਅ ਸਟੋਰ 'ਤੇ ਵਧ ਰਹੀਆਂ ਖਤਰਨਾਕ ਤੇ ਇਤਰਾਜ਼ਯੋਗ ਐਪਸ ਨੂੰ ਲੈ ਕੇ ਸਖਤ ਕਦਮ ਚੁੱਕਿਆ ਹੈ। ਪਲੇਅ ਸਟੋਰ ਤੋਂ ਕੁਲ ਮਿਲਾ ਕੇ 85 ਐਪਸ ਨੂੰ ਗੂਗਲ ਨੇ ਹਟਾ ਦਿੱਤਾ ਹੈ, ਜੋ ਯੂਜ਼ਰਜ਼ ਨੂੰ ਐਡਸ ਦਿਖਾ ਰਹੀਆਂ ਸਨ। ਦੱਸ ਦੇਈਏ ਕਿ ਇਹ ਐਪਸ ਯੂਜ਼ਰਜ਼ ਵਲੋਂ ਲੱਖਾਂ ਵਾਰ ਡਾਊਨਲੋਡ ਕੀਤੀਆਂ ਜਾ ਚੁੱਕੀਆਂ ਹਨ।

IT ਸਕਿਓਰਿਟੀ ਕੰਪਨੀ Trend Micro ਦੇ ਖੋਜੀਆਂ ਨੇ ਪਤਾ ਲਾਇਆ ਸੀ ਕਿ ਪਲੇਅ ਸਟੋਰ 'ਤੇ ਅਜਿਹੀਆਂ ਐਪਸ ਮੌਜੂਦ ਹਨ, ਜਿਨ੍ਹਾਂ ਵਿਚ adware ਲੁਕਿਆ ਹੋਇਆ ਹੈ। ਖੋਜੀਆਂ ਨੇ ਇਸ ਐਡਵੇਅਰ ਦੀ AndroidOS_Hidenad.HRXH ਨਾਂ ਨਾਲ ਪਛਾਣ ਕੀਤੀ ਹੈ। ਇਸ ਐਡਵੇਅਰ ਕਾਰਣ ਐਪਸ ਵਿਚ ਅਜਿਹੀਆਂ ਐਡਸ ਸ਼ੋਅ ਹੁੰਦੀਆਂ ਹਨ, ਜਿਨ੍ਹਾਂ ਨੂੰ ਬੰਦ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਗੂਗਲ ਨੇ ਇਨ੍ਹਾਂ ਐਪਸ ਨੂੰ ਰਿਮੂਵ ਕੀਤਾ ਹੈ।

ਹਟਾਈਆਂ ਗਈਆਂ ਫੋਟੋਗ੍ਰਾਫੀ ਤੇ ਗੇਮਿੰਗ ਐਪਸ
ਗੂਗਲ ਨੇ ਦੱਸਿਆ ਕਿ ਜਿਨ੍ਹਾਂ 85 ਐਪਸ ਨੂੰ ਰਿਮੂਵ ਕੀਤਾ ਗਿਆ ਹੈ, ਉਨ੍ਹਾਂ ਵਿਚ ਫੋਟੋਗ੍ਰਾਫੀ ਕਰਨ ਵਾਲੀਆਂ ਐਪਸ ਤੋਂ ਲੈ ਕੇ ਗੇਮਿੰਗ ਐਪਸ ਵੀ ਮੌਜੂਦ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਐਪਸ ਨੂੰ 80 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਗੂਗਲ ਨੇ ਪਲੇਅ ਸਟੋਰ 'ਚੋਂ ਕਾਫੀ ਜ਼ਿਆਦਾ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਐਪਸ, ਜਿਵੇਂ ਸੁਪਰ ਸੈਲਫੀ, ਪੋਪ ਕੈਮਰਾ ਤੇ ਵਨ ਸਟ੍ਰੋਕ ਲਾਈਨ ਪਜ਼ਲ ਨਾਂ ਦੀਆਂ ਗੇਮਿੰਗ ਐਪਸ ਨੂੰ ਰਿਮੂਵ ਕੀਤਾ ਹੈ। ਇਨ੍ਹਾਂ ਐਪਸ ਨੂੰ ਵੱਖ-ਵੱਖ ਡਿਵੈੱਲਪਰ ਅਕਾਊਂਟ 'ਚੋਂ ਪਲੇਅ ਸਟੋਰ 'ਤੇ ਅਪਲੋਡ ਕੀਤਾ ਗਿਆ ਸੀ ਪਰ ਇਨ੍ਹਾਂ ਵਿਚ ਇਕੋ ਜਿਹੇ ਕੋਡਸ ਮਿਲੇ ਸਨ।

ਇਸ ਤੋਂ ਪਹਿਲਾਂ ਵੀ ਗੂਗਲ ਨੇ ਰਿਮੂਵ ਕੀਤੀਆਂ ਸਨ ਐਪਸ
ਗੂਗਲ ਪਲੇਅ ਸਟੋਰ 'ਤੇ ਇਸ ਤੋਂ ਪਹਿਲਾਂ ਵੀ ਫਰਜ਼ੀ ਐਪਸ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਮਹੀਨੇ ਅਪਡੇਟ ਫਾਰ ਸੈਮਸੰਗ ਨਾਂ ਦੀ ਐਪ ਪਲੇਅ ਸਟੋਰ 'ਚੋਂ ਰਿਮੂਵ ਕੀਤੀ ਗਈ ਸੀ, ਜਿਸ ਨੂੰ ਸੈਮਸੰਗ ਦੀ ਅਸਲ ਐਪ ਸਮਝ ਕੇ ਇਕ ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਸੀ ਪਰ ਇਹ ਫਰਜ਼ੀ ਐਪ ਸੀ।