ਹੁਣ ਬਿਨਾਂ ਡਾਊਨਲੋਡ ਕੀਤੇ ਖੇਡ ਸਕੋਗੇ ਵੀਡੀਓ ਗੇਮ, ਗੂਗਲ ਨੇ ਲਾਂਚ ਕੀਤਾ Stadia

03/20/2019 5:47:04 PM

ਗੈਜੇਟ ਡੈਸਕ– ਗੂਗਲ ਨੇ ਆਖਰਕਾਰ ਆਪਣੀ ਗੇਮ ਸਟਰੀਮਿੰਗ ਸਰਵਿਸ Stadia ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਸਾਨ ਫਰਾਂਸਿਸਕੋ ’ਚ ਆਯੋਜਿਤ ਗੂਗਲ ਦੀ ਗੇਮ ਡਿਵੈਲਪਰਜ਼ ਕਾਨਫਰੰਸ ਦੌਰਾਨ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਸਰਵਿਸ ਦੇ ਆਉਣ ਤੋਂ ਬਾਅਦ ਯੂਜ਼ਰ ਕਿਸੇ ਵੀ ਡਿਵਾਈਸ ’ਚ ਹਾਈ ਐਂਡ ਗੇਮਜ਼ ਦਾ ਮਜ਼ਾ ਲੈ ਸਕਣਗੇ। ਇਹ ਗੇਮ ਸਟਰੀਮਿੰਗ ਸਰਵਿਸ ਸਿੱਧਾ ਹੀ ਗੂਗਲ ਕਲਾਊਡ ’ਚੋਂ ਗੇਮ ਨੂੰ ਪਲੇਅ ਕਰੇਗੀ ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ, ਕੰਪਿਊਟਰ ਅਤੇ ਕ੍ਰੋਮਕਾਸਟ ਡੋਂਗਲ ਰਾਹੀਂ ਟੀਵੀ ’ਤੇ ਨਵੀਆਂ-ਨਵੀਆਂ ਗੇਮਾਂ ਖੇਡ ਸਕੋਗੇ। ਹਾਲਾਂਕਿ, ਇਸ ਸਰਵਿਸ ਲਈ ਤੁਹਾਨੂੰ ਥੋੜ੍ਹੀ ਕੀਮਤ ਚੁਕਾਉਣੀ ਪੈ ਸਕਦੀ ਹੈ। 

ਖੇਡ ਸਕੋਗੇ 4K ਗੇਮਜ਼
Stadia ਗੇਮ ਸਟਰੀਮਿੰਗ ਸਰਵਿਸ ਰਾਹੀਂ 60 ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ 4ਕੇ ਰੈਜ਼ੋਲਿਊਸ਼ਨ ਵਾਲੀਆਂ ਗੇਮਜ਼ ਖੇਡੀਆਂ ਜਾ ਸਕਣਗੀਆਂ। ਉਥੇ ਹੀ ਇਹ ਸਰਵਿਸ 8ਕੇ ਰੈਜ਼ੋਲਿਊਸ਼ਨ ਵਾਲੀਆਂ ਗੇਮਜ਼ ਨੂੰ ਵੀ ਸਪੋਰਟ ਕਰੇਗੀ। ਇਸ ਸਰਵਿਸ ਨੂੰ ਯੂਟਿਊਬ ਦੇ ਨਾਲ ਜੋੜਿਆ ਗਿਆ ਹੈ। ਯੂਟਿਊਬ ’ਤੇ ਗੇਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਅਖੀਰ ’ਚ ‘ਪਲੇਅ’ ਬਟਨ ਸ਼ੋਅ ਹੋਵੇਗਾ, ਜਿਸ ’ਤੇ ਕਲਿੱਕ ਕਰਨ ’ਤੇ ਤੁਸੀਂ ਟਰਾਇਲ ਦੇ ਤੌਰ ’ਤੇ ਆਪਣੇ ਕ੍ਰੋਮ ਬ੍ਰਾਊਜ਼ਰ ’ਚ ਹੀ 5 ਸੈਕਿੰਡ ਦੇ ਅੰਦਰ ਗੇਮ ਨੂੰ ਖੇਡ ਸਕੋਗੇ। 

ਗੂਗਲ ਨੂੰ ਹੋਵੇਗਾ ਫਾਇਦਾ
ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਸਰਵਿਸ ਲਿਆਉਣ ਤੋਂ ਬਾਅਦ ਗੂਗਲ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਗੂਗਲ ਦਾ ਕਲਾਊਡ ਨੈੱਟਵਰਕ ਪਹਿਲਾਂ ਤੋਂ ਹੀ ਸਥਾਪਿਤ ਹੈ। ਉਥੇ ਹੀ ਕੰਪਨੀ ਨੇ ਲੀਡਿੰਗ ਗੇਮ ਇੰਜਣ ਕੰਪਨੀਆਂ Unreal ਅਤੇ Unity ਦੇ ਨਾਲ ਵੀ ਹੱਥ ਮਿਲਾਇਆ ਹੋਇਆ ਹੈ। ਗੂਗਲ ਨੇ ਕਿਹਾ ਹੈ ਕਿ ਸਾਲ 2019 ਤੋਂ ਹੀ ਇਸ ਸਰਵਿਸ ਨੂੰ ਯੂ.ਐੱਸ., ਕੈਨੇਡਾ, ਯੂ.ਕੇ. ਅਤੇ ਯੂਰਪ ’ਚ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਜਾਵੇਗਾ। ਗੂਗਲ ਨੇ ਫਿਲਹਾਲ ਇਸ ਗੱਲ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ Stadia ਦੀ ਸਬਸਕ੍ਰਿਪਸ਼ਨ ਫੀਸ ਕਿੰਨੀ ਹੋਵੇਗੀ। 

ਗੂਗਲ ਨੇ ਦਿਖਾਇਆ ਖਾਸ ਕੰਟਰੋਲਰ
ਗੂਗਲ ਨੇ ਇਸ ਦੌਰਾਨ Stadia ਗੇਮਿੰਗ ਸਰਵਿਸ ਰਾਹੀਂ ਆਸਾਨੀ ਨਾਲ ਗੇਮ ਖੇਡਣ ਲਈ ਬਣਾਏ ਗਏ ਖਾਸ ਗੇਮਪੈਡ ਨੂੰ ਵੀ ਪੇਸ਼ ਕੀਤਾ। ਇਹ ਵਾਈ-ਫਾਈ ਰਾਹੀਂ ਇੰਟਰਨੈੱਟ ਦੇ ਨਾਲ ਕਨੈਕਟ ਹੋ ਕੇ ਕੰਮ ਕਰੇਗਾ। ਇਸ ਵਿਚ ਕੈਪਚਰ ਬਟਨ ਦਿੱਤਾ ਗਿਆ ਹੈ ਜੋ ਗੇਮਿੰਗ ਮੂਵਮੈਂਟਸ ਦਾ ਸਕਰੀਨਸ਼ਾਟ ਲੈ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ’ਚ ਮਦਦ ਕਰੇਗਾ, ਉਥੇ ਹੀ ਅਲੱਗ ਤੋਂ ਗੂਗਲ ਅਸਿਸਟੈਂਟ ਬਟਨ ਵੀ ਇਸ ਵਿਚ ਮੌਜੂਦ ਹੈ। ਫਿਲਹਾਲ ਗੂਗਲ ਨੇ ਇਸ ਗੇਮਪੈਡ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ।