ਐਪਲ ਨੂੰ ਟੱਕਰ ਦੇਣ ਦੀ ਤਿਆਰੀ ’ਚ ਗੂਗਲ ਤੇ ਅਮੇਜ਼ਾਨ

12/07/2018 10:46:45 AM

ਗੈਜੇਟ ਡੈਸਕ– ਐਪਲ ਵਲੋਂ ਏਅਰਪੋਡਸ ਨੂੰ ਲਾਂਚ ਕਰਨ ਤੋਂ ਬਾਅਦ ਇਨ੍ਹਾਂ ਨੂੰ ਪੂਰੀ ਦੁਨੀਆ ਵਿਚ ਕਾਫੀ ਪਸੰਦ ਕੀਤਾ ਗਿਆ ਪਰ ਕੀਮਤ ਜ਼ਿਆਦਾ ਹੋਣ ਕਾਰਨ ਭਾਰਤੀ ਬਾਜ਼ਾਰ ਵਿਚ ਇਨ੍ਹਾਂ ਨੂੰ ਇੰਨੀ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ। ਇਸੇ ਗੱਲ ਵੱਲ ਧਿਆਨ ਦਿੰਦਿਆਂ ਗੂਗਲ ਤੇ ਅਮੇਜ਼ਾਨ ਵੀ ਨਵੇਂ ਏਅਰਪੋਡਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੂਗਲ ਤੇ ਅਮੇਜ਼ਾਨ ਐਪਲ ਨੂੰ ਟੱਕਰ ਦੇਣ ਲਈ ਖੁਦ ਦੇ ਵਾਇਰਲੈੱਸ ਏਅਰਪੋਡਸ ਬਣਾ ਰਹੀਆਂ ਹਨ। ਇਨ੍ਹਾਂ ਨੂੰ 2019 ਦੀ ਦੂਜੀ ਛਿਮਾਹੀ ਵਿਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ 2 ਕੰਪਨੀਆਂ ਹੀ ਐਪਲ ਦੀ ਟੱਕਰ ਦੀਆਂ ਹਨ ਕਿਉਂਕਿ ਗੂਗਲ ਦਾ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਤੇ ਅਮੇਜ਼ਾਨ ਦਾ ਅਲੈਕਸਾ ਵਾਇਸ ਅਸਿਸਟੈਂਟ ਪੂਰੀ ਦੁਨੀਆ ਵਿਚ ਮਸ਼ਹੂਰ ਹਨ। 

ਇਨ੍ਹਾਂ ਦੋਵਾਂ ਦਾ ਮਿਲੇਗਾ ਸਹਿਯੋਗ
 ਕਿਊ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੇਂ ਏਅਰਪੋਡਸ ਬਣਾਉਣ ਵਿਚ 2 ਕੰਪਨੀਆਂ ਮਦਦ ਕਰਨਗੀਆਂ। ਇਨ੍ਹਾਂ ਵਿਚ ਇਕ Goertek ਹੋਵੇਗੀ, ਜਦਕਿ ਦੂਜੀ ਦਾ ਨਾਂ Unitech ਹੈ। ਇਹ ਦੋਵੇਂ ਗੂਗਲ ਤੇ ਅਮੇਜ਼ਾਨ ਦੇ ਏਅਰਪੋਡਸ ਬਦਲਾਂ ਲਈ ਇਕੋ-ਇਕ ਸਪਲਾਈਕਰਤਾ ਹੋਣਗੀਆਂ। ਦੱਸ ਦੇਈਏ ਕਿ ਗੂਗਲ ਤੇ ਅਮੇਜ਼ਾਨ ਦੇ ਪਹਿਲਾਂ ਹੀ ਸਪੀਕਰ ਬਿਜ਼ਨੈੱਸ ਮੌਜੂਦ ਹਨ। ਗੂਗਲ ਦੇ ਹੋਮ ਸਪੀਕਰ ਤੇ ਅਮੇਜ਼ਾਨ ਦੇ ਈਕੋ ਸਪੀਕਰਸ ਨੂੰ ਪੂਰੀ ਦੁਨੀਆ ਵਿਚ ਪਸੰਦ ਕੀਤਾ ਜਾਂਦਾ ਹੈ। ਹੁਣੇ ਜਿਹੇ ਗੂਗਲ ਨੇ ਆਪਣੇ ਪਿਕਸਲ ਬਡਸ ਨਾਲ ਹੈੱਡਫੋਨ ਮਾਰਕੀਟ ਵਿਚ ਐਂਟਰੀ ਕੀਤੀ ਹੈ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਚੰਗੇ ਉਤਪਾਦ ਲਾਂਚ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਕੀਮਤ ਐਪਲ ਉਤਪਾਦਾਂ ਤੋਂ ਘੱਟ ਹੋਵੇਗੀ।