16 ਬਲੇਡਸ ਨਾਲ ਲੈਸ ਹਵਾਈ ਜਹਾਜ਼ ਦਾ 'ਮਹਾ ਇੰਜਣ' ਤਿਆਰ

03/21/2018 12:53:02 PM

ਜਲੰਧਰ- ਦੁਨੀਆ ਭਰ 'ਚ ਰੋਜ਼ਾਨਾ ਹਜ਼ਾਰਾਂ ਯਾਤਰੀ ਜਹਾਜ਼ 'ਚ ਉਡਾਨ ਭਰਦੇ ਹਨ। ਇਹ ਜਹਾਜ਼ ਜ਼ਿਆਦਾ ਫਿਊਲ ਦੀ ਖਪਤ ਵੀ ਕਰਦੇ ਹਨ। ਫਿਊਲ ਦੀ ਖਪਤ ਨੂੰ ਘੱਟ ਕਰਨ ਅਤੇ ਜਹਾਜ਼ ਯਾਤਰਾ ਨੂੰ ਆਸਾਨ ਬਣਾਉਣ ਲਈ ਦੁਨੀਆ ਭਰ 'ਚ ਕਈ ਸ਼ੋਧ ਕੀਤੇ ਜਾ ਰਹੇ ਹਨ। ਇਸੇ ਕ੍ਰਮ 'ਚ ਦੁਨੀਆ ਦੇ ਸਭ ਤੋਂ ਵੱਡੇ ਜੈੱਟ ਇੰਜਣ ਦਾ ਸਫਲ ਪ੍ਰੀਖਣ ਪੂਰਾ ਕਰ ਲਿਆ ਗਿਆ ਹੈ। ਜੀ.ਈ.9ਐਕਸ ਨਾਂ ਦਾ ਇਹ ਇੰਜਣ ਦੂਜੇ ਜਹਾਜ਼ ਇੰਜਣਾਂ ਦੇ ਮੁਕਾਬਲੇ ਫਿਊਲ ਦੀ ਖਪਤ ਨੂੰ 10 ਫੀਸਦੀ ਤਕ ਘੱਟ ਕਰੇਗਾ। ਇਸ ਨੂੰ 406 ਸੀਟਾਂ ਵਾਲੇ ਬੋਇੰਗ 777 ਐਕਸ ਜਹਾਜ਼ 'ਚ ਲਗਾਇਆ ਜਾਵੇਗਾ। 13 ਮਾਰਚ ਨੂੰ ਬੋਇੰਗ 747 'ਚ ਲਗਾਤਾਰ ਇਸ ਦਾ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਸਫਲ ਰਿਹਾ। ਪ੍ਰੀਖਣ ਦੌਰਾਨ ਜਹਾਜ਼ ਨੇ ਚਾਰ ਘੰਟੇ ਉਡਾਨ ਭਰੀ। ਬੋਇੰਗ ਮੁਤਾਬਕ ਜੀ.ਈ.9ਐਕਸ ਇੰਜਣ ਵਾਲੇ ਬੋਇੰਗ 777 ਐਕਸ ਜਹਾਜ਼ ਦੀ ਵਪਾਰਕ ਉਡਾਨ 2020 'ਚ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। 

ਅਜਿਹਾ ਹੈ ਸਭ ਤੋਂ ਵੱਡਾ ਜੈੱਡ ਇੰਜਣ
ਜੀ.ਈ.9ਐਕਸ ਦੁਨੀਆ ਦਾ ਸਭ ਤੋਂ ਵੱਡਾ ਜੈੱਟ ਜਹਾਜ਼ ਇੰਜਣ ਹੈ। ਇਸ ਦੇ ਪੱਖੇ ਦਾ ਸਾਈਜ਼ 134-ਇੰਚ ਹੈ। ਇਸ ਦਾ ਟੇਕ-ਆਫ ਥ੍ਰਸਟ 1.05 ਲੱਖ ਐੱਲ.ਬੀ.ਐੱਫ. ਹੈ। ਮਤਲਬ ਇਹ ਕਿ ਉਡਾਨ ਲਈ ਇਹ ਜ਼ਿਆਦਾ ਪਾਵਰ ਪੈਦਾ ਕਰਦਾ ਹੈ। ਇਸ ਦੇ ਪੱਖੇ 'ਚ ਬਾਕੀ ਇੰਜਣਾਂ ਦੇ ਮੁਕਾਬਲੇ ਘੱਟ ਬਲੇਟ ਹਨ। ਇਸ ਵਿਚ 16 ਬਲੇਡਾਂ ਦਾ ਇਸਤੇਮਾਲ ਹੋਇਆ ਹੈ, ਜੋ ਸਟੀਲ ਅਤੇ ਗਲਾਸ ਫਾਈਬਰ ਨਾਲ ਬਣੇ ਹਨ। ਇਸ ਕਾਰਨ ਇਨ੍ਹਾਂ ਬਲੇਡਾਂ 'ਚ ਹਵਾ 'ਚ ਪੰਛੀਆਂ ਦੇ ਟਕਰਾਉਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਨਾਲ ਯਾਤਰੀ ਸੁਰੱਖਿਅਤ ਯਾਤਰਾ ਕਰ ਸਕਣਗੇ। ਨਾਲ ਹੀ ਇਨ੍ਹਾਂ ਪਦਾਰਥਾਂ ਨਾਲ ਬਣੇ ਹੋਣ ਕਾਰਨ ਇਸ ਦਾ ਭਾਰ ਵੀ ਘੱਟ ਹੈ। 

 

ਜਨਰਲ ਇਲੈਕਟ੍ਰਿਕ ਨੇ ਬਣਾਇਆ ਹੈ ਇੰਜਣ
ਜੀ.ਈ.9ਐਕਸ ਨੂੰ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ ਨੇ ਬਣਾਇਆ ਹੈ। ਫਰਵਰੀ 2012 'ਚ ਕੰਪਨੀ ਨੇ ਇਸ ਕਿਫਾਇਤੀ ਇੰਜਣ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਸ ਨੂੰ ਬੋਇੰਗ ਦੇ ਜਹਾਜ਼ 777ਐਕਸ-8/9 ਲਈ ਬਣਾਉਣ ਦਾ ਐਲਾਨ ਕੀਤਾ ਸੀ। ਪਹਿਲਾਂ ਇਸ ਦੇ ਪੱਖੇ ਦਾ ਸਾਈਜ਼ 128-ਇੰਚ ਤੈਅ ਕੀਤਾ ਗਿਆ ਸੀ ਪਰ ਬਾਅਦ 'ਚ 2013 'ਚ ਇਸ ਨੂੰ ਵਧਾ ਕੇ 132-ਇੰਚ ਕਰਨ ਦੀ ਯੋਜਨਾ ਬਣੀ। 2014 'ਚ ਇਸ ਦੇ ਸਾਈਜ਼ ਨੂੰ 133.5-ਇੰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਕੰਪਨੀ ਮੁਤਾਬਕ ਅਜਿਹੇ 700 ਇੰਜਣਾਂ ਦਾ ਆਰਡਰ ਵੀ ਲਿਆ ਜਾ ਚੁੱਕਾ ਹੈ।