ਖਤਰਨਾਕ ਹੋ ਸਕਦੀ ਹੈ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ : ਮਾਈਕ੍ਰੋਸਾਫਟ

07/15/2018 6:39:45 PM

ਜਲੰਧਰ— ਮਾਈਕ੍ਰੋਸਾਫਟ ਨੇ ਅਮਰੀਕੀ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਚਿਹਰਾ ਪਛਾਣਨ ਦੀ ਤਕਨੀਕ ਦੇ ਇਸਤੇਮਾਲ ਨੂੰ ਨਿਯਮ-ਕਾਨੂੰਨ ਦੇ ਦਾਇਰੇ 'ਚ ਲਿਆਵੇ ਤਾਂ ਜੋ ਲੋਕਾਂ ਦੀ ਪ੍ਰਾਈਵੇਸੀ ਅਤੇ ਆਜ਼ਾਦੀ ਨੂੰ ਬਚਾਇਆ ਜਾ ਸਕੇ। ਮਾਈਕ੍ਰੋਸਾਫਟ ਅਜਿਹੀ ਪਹਿਲੀ ਵੱਡੀ ਟੈਕਨਾਲੋਜੀ ਕੰਪਨੀ ਹੈ ਜਿਸ ਨੇ ਕਿਸੇ ਤਸਵੀਰ ਨਾਲ ਜਾਂ ਕੈਮਰੇ ਰਾਹੀਂ ਚਿਹਰਾ ਪਛਾਣਨ ਦੀ ਤਕਨੀਕ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਕੰਪਨੀ ਦੇ ਮੁਖੀ ਬ੍ਰੈਡ ਸਮਿੱਥ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਸਰਕਾਰ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕੋਈ ਕਮਿਸ਼ਨ ਬਣਾਉਣਾ ਚਾਹੀਦਾ ਹੈ। 

ਸਮਿੱਥ ਨੇ ਕਿਹਾ ਕਿ ਕੁਝ ਕੰਪਨੀਆਂ ਨੇ ਮਾਈਕ੍ਰੋਸਾਫਟ ਨੂੰ ਚਿਹਰਾ ਪਛਾਣਨ ਨਾਲ ਜੁੜਿਆ ਕੰਮ ਕਰਨ ਲਈ ਕਿਹਾ ਸੀ ਜਿਸ ਨੂੰ ਠੁਕਰਾ ਦਿੱਤਾ ਗਿਆ। ਮਾਈਕ੍ਰੋਸਾਫਟ ਦੇ ਇਕ ਬੁਲਾਰੇ ਨੇ ਇਸ ਬਾਰੇ ਬਿਉਰਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੰਪਨੀ ਨੇ ਨੈਤਿਕ ਚਿੰਤਾਵਾਂ ਕਾਰਨ ਕੀ ਕਦਮ ਚੁੱਕੇ ਹਨ। 

 

'ਦਿ ਗਾਰਡੀਅਨ' ਦੀ ਇਕ ਖਬਰ ਮੁਤਾਬਕ, ਮਈ 'ਚ ਯੂ.ਐੱਸ. ਸਿਵਲ ਲਿਬਰਟੀਜ਼ ਗਰੁੱਪ ਨੇ ਅਮੇਜ਼ਨ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਨੂੰ ਚਿਹਰਾ ਪਛਾਣਨ ਦੀ ਤਕਨੀਕ ਨਾ ਦੇਵੇ, ਨਹੀਂ ਤਾਂ ਇਸ ਨਾਲ ਅਜਨਬੀਆਂ ਖਿਲਾਫ ਗੈਰ-ਕਾਨੂੰਨੀ ਕਾਰਵਾਈ ਅਤੇ ਨਸਲਵਾਦ ਦਾ ਖਤਰਾ ਵਧ ਸਕਦਾ ਹੈ। ਹਾਲਾਂਕਿ ਸਮਿੱਥ ਨੇ ਇਸ ਤਕਨੀਕ ਦੇ ਕੁਝ ਪਹਿਲੁਆਂ ਨੂੰ ਕਾਫੀ ਹਾਂ-ਪੱਖੀ ਮੰਨਿਆ ਹੈ, ਜਿਵੇਂ ਕਿ ਗੁੰਮਸ਼ੁਦਾ ਬੱਚਿਆਂ ਦੀ ਭਾਲ ਅਤੇ ਅੱਤਵਾਦੀਆਂ ਨੂੰ ਫੜ੍ਹਨ ਦੀ ਕਾਰਵਾਈ ਆਦਿ। 
ਉਸ ਨੇ ਆਪਣੀ ਬਲਾਗ ਪੋਸਟ 'ਚ ਲਿਖਿਆ ਹੈ ਕਿ ਤੁਸੀਂ ਕਲਪਨਾ ਕਰੋ ਕਿ ਕੋਈ ਸਰਕਾਰ ਤੁਹਾਡੀ ਇਕ-ਇਕ ਗਤੀਵਿਧੀ 'ਤੇ ਨਜ਼ਰ ਰੱਖੇ ਕਿ ਤੁਸੀਂ ਬਿਨਾਂ ਮਨਜ਼ੂਰੀ ਦੇ ਕਿੱਥੇ-ਕਿੱਥੇ ਗਏ। ਉਸ ਨੇ ਕਿਹਾ ਕਿ ਤੁਸੀਂ ਉਸ ਡਾਟਾਬੇਸ ਦੀ ਵੀ ਕਲਪਨਾ ਕਰ ਸਕਦੇ ਹੋ ਜਿਸ ਵਿਚ ਉਹ ਸਭ ਕੁਝ ਦਰਜ ਹੋਵੇਗਾ ਕਿ ਕਿਸ ਰਾਜਨੀਤਿਕ ਰੈਲੀ 'ਚ ਤੁਸੀਂ ਕੀ-ਕੀ ਬੋਲਿਆ। ਇਸ ਨਾਲ ਤੁਹਾਡੀ ਪ੍ਰਾਈਵੇਸੀ ਖਤਰੇ 'ਚ ਪੈ ਸਕਦੀ ਹੈ। 
ਸਮਿੱਥ ਨੇ ਇਹ ਮਸਲਾ ਵੀ ਚੁੱਕਿਆ ਕਿ ਜਦੋਂ ਤੁਸੀਂ ਕਿਸੇ ਸ਼ਾਪਿੰਗ ਮਾਲ 'ਚ ਖਰੀਦਾਰੀ ਕਰਦੇ ਹੋ ਤਾਂ ਕਿਹੜਾ-ਕਿਹੜਾ ਸਾਮਾਨ ਖਰੀਦਦੇ ਹੋ, ਕਿਹੜੀ-ਕਿਹੜੀ ਚੀਜ਼ 'ਚ ਤੁਹਾਡੀ ਦਿਲਚਸਪੀ ਹੈ, ਸ਼ਾਪ ਦਾ ਮਾਲਕ ਬਿਨਾਂ ਦੱਸੇ ਤੁਹਾਡੇ ਚਿਹਰੇ ਮੁਤਾਬਕ ਤੁਹਾਡੀਆਂ ਸੂਚਨਾਵਾਂ ਆਪਣੇ ਕੋਲ ਇਕੱਠੀਆਂ ਕਰ ਸਕਦਾ ਹੈ।