ਫੇਸਬੁੱਕ ਯੂਜ਼ਰਜ਼ ਨੂੰ ਜਲਦੀ ਹੀ ਮਿਲ ਸਕਦੈ ਡਾਰਕ ਮੋਡ, ਐਂਡਰਾਇਡ ਐਪ ’ਤੇ ਦਿਸੀ ਝਲਕ

09/23/2019 3:25:43 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦਾ ਐਪ ਉਨ੍ਹਾਂ ਚੁਣੇ ਹੋਏ ਐਪਸ ’ਚ ਸ਼ਾਮਲ ਹੈ, ਜਿਨ੍ਹਾਂ ’ਚ ਯੂਜ਼ਰਜ਼ ਨੂੰ ਅਜੇ ਤਕ ਡਾਰਕ ਮੋਡ ਨਹੀਂ ਦਿੱਤਾ ਗਿਆ। ਪ੍ਰਸਿੱਧ ਸਮਾਰਟਫੋਨ ਐਪਸ ’ਚ ਯੂਜ਼ਰਜ਼ ਨੂੰ ਡਾਰਕ ਮੋਡ ਦਾ ਆਪਸ਼ਨ ਮਿਲਦਾ ਹੈ ਪਰ ਹੁਣ ਤਕ ਫੇਸਬੁੱਕ ਐਪ ਯੂਜ਼ਰਜ਼ ਇਸ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਫੇਸਬੁੱਕ ਆਪਣੇ ਮੈਸੇਂਜਰ ਐਪ ਲਈ ਡਾਰਕ ਮੋਡ ਆਪਸ਼ਨ ਪਹਿਲਾਂ ਹੀ ਲਿਆ ਚੁੱਕਾ ਹੈ ਅਤੇ ਮੇਨ ਐਪ ’ਤੇ ਵੀ ਡਾਰਕ ਮੋਡ ਦੀ ਇਕ ਝਲਕ ਦਿਸੀ ਹੈ। ਖਾਸ ਗੱਲ ਇਹ ਹੈ ਕਿ ਐਪ ’ਚ ਡਾਰਕ ਮੋਡ ਇਕ ਹਿੱਸੇ ’ਚ ਲੁਕਿਆ ਹੋਇਆ ਹੈ, ਸੰਭਵ ਹੈ ਕਿ ਫੇਸਬੁੱਕ ਇਸ ਨੂੰ ਪੂਰੇ ਐਪ ਲਈ ਰੋਲ ਆਊਟ ਕਰਨ ਤੋਂ ਪਹਿਲਾਂ ਟੈਸਟ ਕਰ ਰਹੀ ਹੈ। 

ਫੇਸਬੁੱਕ ਐਪ ਦੇ ਲੇਟੈਸਟ ਐਂਡਰਾਇਡ ਅਪਡੇਟ ’ਚ ਯੂਜ਼ਰਜ਼ ਨੂੰ ਹੋਮ ਸਕਰੀਨ ’ਤੇ ਸਭ ਤੋਂ ਉਪਰ ਫੇਸਬੁੱਕ ਦੀ ਬ੍ਰਾਂਡਿੰਗ ਦਿਸਦੀ ਹੈ ਅਤੇ ਪੂਰਾ ਐਪ ਵਾਈਟ ਬੈਕਗ੍ਰਾਊਂਡ ਵਾਲਾ ਹੈ। ਇਸ ਨਾਲ ਜੁੜੀ ਇਕ ਗੱਲ ਯੂਜ਼ਰਜ਼ ਨੂੰ ਜ਼ਰੂਰ ਪਰੇਸ਼ਾਨ ਕਰਦੀ ਹੈ ਕਿ ਬ੍ਰਾਈਟਨੈੱਸ ਜ਼ਿਆਦਾ ਹੋਣ ’ਤੇ ਸਕਰੀਨ ਅੱਖਾਂ ’ਚ ਚੁੱਭਦੀ ਹੈ। ਯੂਜ਼ਰਜ਼ ਲੰਬੇ ਸਮੇਂ ਤੋਂ ਐਪ ’ਚ ਡਾਰਕ ਮੋਡ ਵਰਗੇ ਫੀਚਰ ਦਾ ਇੰਤਜ਼ਾਰ ਕਰ ਰਹੇ ਹਨ। ਫੇਸਬੁੱਕ ਨੇ ਕਿਹਾ ਵੀ ਹੈ ਕਿ ਐਂਡਰਾਇਡ ਐਪ ’ਤੇ ਯੂਜ਼ਰਜ਼ ਨੂੰ ਜਲਦੀ ਹੀ ਡਾਰਕ ਮੋਡ ਦਿੱਤਾ ਜਾਵੇਗਾ ਪਰ ਸਟੇਬਲ ਅਪਡੇਟ ’ਚ ਅਜਿਹਾ ਕੋਈ ਆਪਸ਼ਨ ਅਜੇ ਤਕ ਨਹੀਂ ਦਿਖਾਈ ਦਿੱਤਾ। ਐਪ ਦਾ ‘ਵਾਚ’ ਸੈਕਸ਼ਨ ਡਾਰਕ ਮੋਡ ਤੋਂ ਪ੍ਰੇਰਿਤ ਲੱਗ ਰਿਹਾ ਹੈ ਪਰ ਇਸ ਤਕ ਸਿੱਧਾ ਨੈਵਿਗੇਟ ਨਹੀਂ ਕੀਤਾ ਜਾ ਸਕਦਾ।

ਡਾਰਕ ਮੋਡ ’ਚ ਵਾਚ ਟੈਬ
ਐਪ ’ਤੇ ਸ਼ੇਅਰ ਕੀਤੀ ਗਈ ਕਿਸੇ ਵੀ ਵੀਡੀਓ ’ਤੇ ਟੈਪ ਕਰਨ ’ਤੇ ਵੀਡੀਓ ਤਾਂ ਪਲੇਅ ਹੁੰਦੀ ਹੈ, ਪਿੱਛੇ ਦੀ ਬੈਕਗ੍ਰਾਊਂਡ ਬਲੈਕ ਹੋ ਜਾਂਦੀ ਹੈ ਅਤੇ ਲਾਈਕ, ਸ਼ੇਅਰ ਅਤੇ ਕੁਮੈਂਟ ਦੇ ਆਪਸ਼ਨ ਵਾਈਟ ਕਲਰ ’ਚ ਦਿਖਾਈ ਦਿੰਦੇ ਹਨ। ਜੇਕਰ ਇਹੀ ਵੀਡੀਓ ਕਿਸੇ ਪੇਜ ਜਾਂ ਥਰਡ ਪਾਰਟੀ ਦੀ ਹੈ ਅਤੇ ਤੁਹਾਡੇ ਕਿਸੇ ਦੋਸਤ ਨੇ ਸ਼ੇਅਰ ਕੀਤੀ ਹੈ ਤਾਂ ਇਸ ’ਤੇ ਟੈਪ ਕਰਦੇ ਹਨ ਐਪ ਦਾ ਪੂਰਾ ਇੰਟਰਫੇਸ ਬਲੈਕ ਹੋ ਜਾਂਦਾ ਹੈ। ਸਿਰਫ ਲਾਈਕ ਜਾਂ ਕੁਮੈਂਟ ਵਰਗੇ ਆਪਸ਼ਨ ਹੀ ਨਹੀਂ, ਸਭਤੋਂ ਉਪਰ ਦਿਸਣ ਵਾਲਾ ਨੈਵਿਗੇਸ਼ਨ ਬਾਰ ਵੀ ਬਲੈਕ ਦਿਸਣ ਲੱਗਦਾ ਹੈ। ਇਹ ਡਾਰਕ ਮੋਡ ਦੀ ਪਹਿਲੀ ਝਲਕ ਹੋ ਸਕਦੀ ਹੈ ਅਤੇ ਡਾਰਕ ਮੋਡ ਮਿਲਣ ’ਤੇ ਐਪ ਅਜਿਹਾ ਹੀ ਦਿਸੇਗਾ। 

ਕਦੋਂ ਮਿਲੇਗਾ ਇਹ ਫੀਚਰ
ਫੇਸਬੁੱਕ ਨੇ ਇਸ ਤੋਂ ਪਹਿਲਾਂ ਅਗਸਤ ’ਚ ਕਿਹਾ ਸੀ ਕਿ ਐਂਡਰਾਇਡ ਯੂਜ਼ਰਜ਼ ਲਈ ਐਪ ’ਚ ਡਾਰਕ ਮੋਡ ਦਾ ਆਪਸ਼ਨ ਦਿੱਤਾ ਜਾਵੇਗਾ। ਡਾਰਕ ਮੋਡ ਬੀਤੇ ਕੁਝ ਸਾਲਾਂ ’ਚ ਤੇਜ਼ੀ ਨਾਲ ਪ੍ਰਸਿੱਧ ਹੋਇਆ ਹੈ ਕਿਉਂਕਿ ਨਾ ਸਿਰਫ ਇਸ ਦੀ ਮਦਦ ਨਾਲ ਡਿਵਾਈਸ ਦੀ ਬੈਟਰੀ ਦੀ ਬਚਤ ਹੁੰਦੀ ਹੈ ਸਗੋਂ ਸਕਰੀਨ ਨੂੰ ਦੇਰ ਤਕ ਦੇਖਣ ’ਤੇ ਵੀ ਅੱਖਾਂ ’ਚ ਥਕਾਨ ਨਹੀਂ ਹੁੰਦੀ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਵੀ ਆਪਣੇ ਐਪ ’ਤੇ ਡਾਰਕ ਮੋਡ ਆਫਰ ਕਰ ਰਹੀ ਹੈ। ਫੇਸਬੁੱਕ ਨੇ ਇਸ ਫੀਚਰ ਨੂੰ ਰੋਲ ਆਊਟ ਕਰਨ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਅਜੇ ਕੁਝ ਨਹੀਂ ਕਿਹਾ, ਜਿਸ ਦੇ ਚੱਲਦੇ ਅਜੇ ਸਾਫ ਨਹੀਂ ਹੈ ਕਿ ਐਂਡਰਾਇਡ ਯੂਜ਼ਰਜ਼ ਨੂੰ ਇਹ ਫੀਚਰ ਕਦੋਂ ਮਿਲੇਗਾ।