ਤੇਜ਼ੀ ਨਾਲ ਵਧ ਰਿਹੈ ਇਲੈਕਟ੍ਰਿਕ ਵਾਹਨ ਉਦਯੋਗ, 3 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੇ ਮੌਕੇ : ਕ੍ਰਿਸਿਲ

04/13/2022 11:58:24 AM

ਮੁੰਬਈ– ਭਾਰਤ ਦੀ ਆਟੋਮੋਬਾਇਲ ਇੰਡਸਟਰੀ ਹੁਣ ਤੇਜ਼ੀ ਨਾਲ ਇਲੈਕਟ੍ਰਿਕ ਵਾਹਨ ਇੰਡਸਟਰੀ ’ਚ ਤਬਦੀਲ ਹੋ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਸੜਕਾਂ ’ਤੇ ਤੇਜ਼ ਆਵਾਜ਼ ਕਰਦੇ ਅਤੇ ਧੂੰਆਂ ਛੱਡਦੇ ਵਾਹਨ ਨਹੀਂ ਸਗੋਂ ਸ਼ਾਂਤ ਅਤੇ ਸਰਪਟ ਦੌੜਦੇ ਵਾਹਨ ਹੀ ਨਜ਼ਰ ਆਉਣਗੇ। ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਇਕ ਅਨੁਮਾਨ ਮੁਤਾਬਕ 4 ਸਾਲ ਬਾਅਦ 2026 ਤੱਕ ਇਲੈਕਟ੍ਰਿਕ ਵਾਹਨ ਖੇਤਰ ਕਈ ਭਾਈਵਾਲਾਂ ਅਤੇ ਹਿੱਤਧਾਰਕਾਂ ਨੂੰ 3 ਲੱਖ ਕਰੋੜ ਰੁਪਏ ਦਾ ਕਾਰੋਬਾਰ ਮੁਹੱਈਆ ਕਰਵਾਏਗਾ। ਕ੍ਰੈਡਿਟ ਰੇਟਿੰਗ ਐਂਡ ਇਨਫਾਰਮੇਸ਼ਨ ਸਰਵਿਸਿਜ਼ ਆਫ ਇੰਡੀਆ ਲਿਮਟਿਡ ਯਾਨੀ ਕ੍ਰਿਸਿਲ ਦੀ ਰਿਪੋਰਟ ਨੇ ਇਹ ਅਨੁਮਾਨ ਪ੍ਰਗਟਾਇਆ ਹੈ।

ਬੀਮਾ ਸੈਕਟਰ ਲਈ ਵੱਡੀ ਗੁੰਜਾਇਸ਼
ਰਿਪੋਰਟ ਕਹਿੰਦੀ ਹੈ ਕਿ ਇਲੈਕਟ੍ਰਿਕ ਵਾਹਨਾਂ ਦੇ ਇਸ ਕਾਰੋਬਾਰ ’ਚ ਮੂਲ ਉਪਕਰਨ ਨਿਰਮਾਤਾਵਾਂ ਦੀ ਹਿੱਸੇਦਾਰੀ ਲਗਭਗ 1.5 ਲੱਖ ਕਰੋੜ ਦੀ ਹੋ ਸਕਦੀ ਹੈ। ਵਾਹਨਾਂ ਦੀ ਫਾਈਨਾਂਸਿੰਗ ਕਰਨ ਵਾਲਿਆਂ ਨੂੰ ਲਗਭਗ 90,000 ਕਰੋੜ ਰੁਪਏ ਦਾ ਕਾਰੋਬਾਰ ਮਿਲੇਗਾ। ਕ੍ਰਿਸਿਲ ਨੇ 2026 ਤੱਕ ਇਲੈਕਟ੍ਰਿਕ ਵਾਹਨਾਂ ਦੀ ਕੁੱਲ ਵਿਕਰੀ ਦੇ ਮਾਮਲੇ ’ਚ ਦੋਪਹੀਆ ਵਾਹਨਾਂ ਦੀ ਹਿੱਸੇਦਾਰੀ 15 ਫੀਸਦੀ, ਤਿੰਨ ਪਹੀਆ ਵਾਹਨਾਂ ’ਚ 25-30 ਫੀਸਦੀ ਅਤੇ ਕਾਰਾਂ ਅਤੇ ਬੱਸਾਂ ’ਚ 5 ਫੀਸਦੀ ਤੱਕ ਹੋਣ ਦੀ ਗੱਲ ਕਹੀ ਹੈ। ਕ੍ਰਿਸਿਲ ਮੁਤਾਬਕ ਜਿਵੇਂ-ਜਿਵੇਂ ਵਧੇਰੇ ਲੋਕ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਤੋਂ ਹਟਦੇ ਰਹਿਣਗੇ, ਈ. ਵੀ. ’ਚ ਵਾਧਾ ਜਾਰੀ ਰਹੇਗਾ।

ਛੋਟੇ ਸ਼ਹਿਰਾਂ ’ਚ ਵੀ ਵਧ ਰਹੀ ਹੈ ਮੰਗ
ਵਾਹਨ ਪੋਰਟਲ ਦੇ ਡਾਟਾ ਤੋਂ ਪਤਾ ਲਗਦਾ ਹੈ ਕਿ ਇਲੈਕਟ੍ਰਿਕ ਥ੍ਰੀ-ਵ੍ਹੀਲਰਸ ਦੀ ਹਿੱਸੇਦਾਰੀ ਪਿਛਲੇ ਵਿੱਤੀ ਸਾਲ ’ਚ ਰਜਿਸਟਰਡ ਈ-ਥ੍ਰੀ ਵ੍ਹੀਕਲਸ ਦੇ ਮੁਕਾਬਲੇ ਲਗਭਗ 5 ਫੀਸਦੀ ਤੱਕ ਵਧ ਗਈ। ਕ੍ਰਿਸਿਲ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵ੍ਹੀਕਲਸ ਦੇ ਮਾਮਲੇ ’ਚ ਮਹਾਨਗਰ ਹੀ ਨਹੀਂ ਛੋਟੇ ਸ਼ਹਿਰ ਅਤੇ ਕਸਬੇ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ।

ਰੇਟਿੰਗ ਏਜੰਸੀ ਦੇ ਡਾਇਰੈਕਟਰ ਜਗਨ ਨਾਰਾਇਣ ਪਦਮਨਾਭਨ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੇ ਆਉਣ ਨਾਲ ਮੌਜੂਦਾ ਅਤੇ ਉਦਯੋਗ ’ਚ ਆਏ ਨਵੇਂ ਨਿਰਮਾਤਾਵਾਂ, ਦੋਹਾਂ ਲਈ ਮੌਕੇ ਹਨ। ਉਨ੍ਹਾਂ ਨੇ ਕਿਹਾ ਕਿ ਈ. ਵੀ. ਉਦਯੋਗ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਰਕਾਰ ਬੈਟਰੀ ਦੀ ਅਦਲਾ-ਬਦਲੀ ਨੀਤੀ ਤਿਆਰ ਕਰਨ ’ਤੇ ਵਿਚਾਰ ਕਰ ਰਹੀ ਹੈ।

Rakesh

This news is Content Editor Rakesh