ਰਨਵੇ ਦੇ ਛੋਟੇ ਹੋਣ ''ਤੇ ਜਹਾਜ਼ ਨੂੰ ਟੇਕ ਆਫ ਕਰਨ ਤੋਂ ਰੋਕੇਗੀ ਨਵੀਂ ਟੈਕਨਾਲੋਜੀ

04/24/2018 11:00:28 AM

ਜਲੰਧਰ : ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦਾ ਕਹਿਣਾ ਹੈ ਕਿ ਲਗਭਗ 13 ਫੀਸਦੀ ਘਟਨਾਵਾਂ ਜਹਾਜ਼ ਨੂੰ ਟੇਕ ਆਫ ਕਰਦੇ ਸਮੇਂ ਵਾਪਰਦੀਆਂ ਹਨ। ਇਨ੍ਹਾਂ 'ਚੋਂ ਕੁਝ ਹਾਦਸੇ ਹਵਾ ਦੀ ਰਫਤਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਹਾਜ਼ ਨੂੰ ਰਨਵੇ ਤੋਂ ਬਾਹਰ ਲੈ ਜਾਣ ਨਾਲ ਹੁੰਦੇ ਹਨ, ਉਥੇ ਕੁਝ ਏਅਰਕਰਾਫਟ ਦੇ ਇੰਜਣ ਸਹੀ ਤਰੀਕੇ ਨਾਲ ਕੰਮ ਨਾ ਕਰਨ ਨਾਲ ਹੁੰਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਅਜਿਹੇ ਯੰਤਰ ਨੂੰ ਬਣਾਇਆ ਗਿਆ ਹੈ ਜੋ ਟੇਕ ਆਫ ਦੇ ਸਮੇਂ ਹੋਣ ਵਾਲੇ ਇਨ੍ਹਾਂ ਹਾਦਸਿਆਂ 'ਤੇ ਕੰਟਰੋਲ ਪਾਉਣ 'ਚ ਮਦਦ ਕਰੇਗਾ। ਫਿਲਹਾਲ ਇਸ ਯੰਤਰ ਦੀ ਫੋਟੋ ਤਾਂ ਜਾਰੀ ਨਹੀਂ ਕੀਤੀ ਗਈ ਪਰ ਦੱਸਿਆ ਗਿਆ ਹੈ ਕਿ ਇਹ ਪਾਇਲਟ ਨੂੰ ਸੂਚਿਤ ਕਰ ਦੇਵੇਗਾ ਕਿ ਇੰਨੇ ਵਜ਼ਨ ਨੂੰ ਚੁੱਕ ਕੇ ਉਡਾਣ ਭਰਨ 'ਚ ਰਨਵੇ ਦੀ ਦੂਰੀ ਸਹੀ ਹੈ ਜਾਂ ਨਹੀਂ ਤੇ ਜੇਕਰ ਹਾਂ ਤਾਂ ਜਹਾਜ਼ ਨੂੰ ਉੱਡਣ ਲਈ ਨਿਰਦੇਸ਼ ਦਿੱਤੇ ਜਾਣਗੇ।

ਇਸ ਤਰ੍ਹਾਂ ਕੰਮ ਕਰੇਗੀ  ਇਹ ਤਕਨੀਕ
ਇਹ ਯੰਤਰ ਮੌਜੂਦਾ ਹਵਾ ਦੀ ਗਤੀ, ਟੇਕ ਆਫ ਲਈ ਜ਼ਰੂਰੀ ਸਪੀਡ ਤੇ ਰਨਵੇ ਦੀ ਦੂਰੀ ਨਾਲ ਅੰਦਾਜ਼ਾ ਲਾ ਕੇ 10 ਸੈਕੰਡਸ 'ਚ ਪਤਾ ਲਾ ਲੈਂਦਾ ਹੈ ਕਿ ਇਥੇ ਇਸ ਸਮੇਂ ਜਹਾਜ਼ ਨੂੰ ਉਡਾਇਆ ਜਾ ਸਕਦਾ ਹੈ ਜਾਂ ਨਹੀਂ। ਸਮੱਸਿਆ ਆਉਣ 'ਤੇ ਇਹ ਅਲਾਰਮ ਜ਼ਰੀਏ ਪਾਇਲਟ ਨੂੰ ਜਹਾਜ਼ ਨੂੰ ਰੋਕਣ ਲਈ ਅਲਰਟ ਕਰੇਗਾ। ਫਿਲਹਾਲ ਇਸ ਯੰਤਰ ਦੇ ਪ੍ਰੋਟੋਟਾਈਪ ਨੂੰ ਹਲਕੇ ਜਹਾਜ਼ 'ਚ ਵਰਤੋਂ ਲਿਆਉਣ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਅਜੇ ਕਮਰਸ਼ੀਅਲ ਜਹਾਜ਼ਾਂ 'ਤੇ ਟੈਸਟ ਕੀਤਾ ਜਾਵੇਗਾ ਜਿਸ ਦੇ ਬਾਅਦ ਇਹ ਤਕਨੀਕ ਉਡਾਣ ਭਰਨ 'ਚ ਪਾਇਲਟ ਦੀ ਮਦਦ ਕਰੇਗੀ।