ਚੀਨ ਨੇ ਦੁਨੀਆ ਸਾਹਮਣੇ ਪਹਿਲੀ ਵਾਰ ਰੱਖੀ ਆਪਣੀ ਨਵੀਂ Maglev Train

05/27/2019 10:36:56 AM

600 ਕਿ. ਮੀ./ਘੰਟਾ ਹੈ ਉੱਚ ਰਫਤਾਰ
ਗੈਜੇਟ ਡੈਸਕ– ਚੀਨ ਨੇ ਆਪਣੀ ਸਭ ਤੋਂ ਤੇਜ਼ ਮੈਗਲੇਵ ਟਰੇਨ ਪਹਿਲੀ ਵਾਰ ਦੁਨੀਆ ਸਾਹਮਣੇ ਰੱਖੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਟਰੇਨ 600 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਨਾਲ ਯਾਤਰੀਆਂ ਨੂੰ ਸਫਰ ਕਰਵਾ ਸਕਦੀ ਹੈ। CNN ਨੇ ਰਿਪੋਰਟ ਵਿਚ ਦੱਸਿਆ ਕਿ ਮੈਗਲੇਵ ਟਰੇਨ ਨੂੰ ਚਾਈਨਾ ਰੇਲਵੇ ਰੋਲਿੰਗ ਸਟਾਕ ਕਾਰਪੋਰੇਸ਼ਨ(CRRC) ਵਲੋਂ ਤਿਆਰ ਕੀਤਾ ਗਿਆ ਹੈ ਅਤੇ ਅਜੇ ਸਿਰਫ ਇਸ ਦਾ ਇਕੋ ਪ੍ਰੋਟੋਟਾਈਪ ਬਣਿਆ ਹੈ। ਇਸ 'ਤੇ ਅਜੇ ਟੈਸਟਿੰਗ ਕੀਤੀ ਜਾਣੀ ਹੈ। ਆਸ ਹੈ ਕਿ ਸਾਲ 2021 ਤਕ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਜਾਵੇਗਾ।

ਘੱਟ ਸਮੇਂ 'ਚ ਮੰਜ਼ਿਲ ਤਕ ਪਹੁੰਚ ਸਕਣਗੇ ਯਾਤਰੀ
ਚੀਨ 'ਚ ਮੈਗਲੇਵ ਟਰੇਨ ਨੂੰ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬੀਜਿੰਗ ਤੇ ਸ਼ੰਘਾਈ ਦਰਮਿਆਨ ਚਲਾਇਆ ਜਾਵੇਗਾ। ਦੱਸ ਦੇਈਏ ਕਿ ਇਸ ਰੂਟ 'ਤੇ ਉੱਚ ਰਫਤਾਰ ਵਾਲੀ ਟਰੇਨ ਨਾਲ ਸਾਢੇ 5 ਘੰਟਿਆਂ ਦਾ ਸਮਾਂ ਲੱਗਦਾ ਹੈ, ਜਦਕਿ ਕਮਰਸ਼ੀਅਲ ਪੈਸੰਜਰ ਪਲੇਨ ਨਾਲ ਸਾਢੇ 4 ਘੰਟਿਆਂ ਵਿਚ ਪਹੁੰਚਿਆ ਜਾ ਸਕਦਾ ਹੈ। ਦਾਅਵੇ ਅਨੁਸਾਰ ਇਹ ਟਰੇਨ ਸਾਢੇ 3 ਘੰਟਿਆਂ ਵਿਚ ਇਹ ਸਫਰ ਤਹਿ ਕਰ ਦੇਵੇਗੀ।

3 ਸਾਲਾਂ 'ਚ ਬਣੀ ਟਰੇਨ ਦੀ ਬਾਡੀ
CRRC ਦੇ ਡਿਪਟੀ ਚੀਫ ਇੰਜੀਨੀਅਰ ਡਿੰਗ ਸੈਨਸਨ ਨੇ ਦੱਸਿਆ ਕਿ 3 ਸਾਲਾਂ ਦੀ ਤਕਨੀਕੀ ਖੋਜ ਪਿੱਛੋਂ ਸਾਡੀ ਟੀਮ ਨੂੰ ਇਸ ਦੀ ਲਾਈਟਵੇਟ ਅਤੇ ਹਾਈ ਸਟ੍ਰੈਂਥ ਟਰੇਨ ਬਾਡੀ ਤਿਆਰ ਕਰਨ ਵਿਚ ਸਫਲਤਾ ਮਿਲੀ ਹੈ। ਇਹ ਟਰੇਨ ਮੈਗਨੈਟਿਕ ਲੈਵੀਟੇਸ਼ਨ ਤਕਨੀਕ 'ਤੇ ਕੰਮ ਕਰੇਗੀ।



2015 'ਚ ਕੀਤਾ ਗਿਆ ਸੀ ਮੈਗਲੇਵ ਟਰੇਨ ਦਾ ਐਲਾਨ
CRRC ਨੇ ਇਸ ਟਰੇਨ ਦਾ ਪ੍ਰੋਟੋਟਾਈਪ ਬਣਾਉਣ ਦਾ ਪਹਿਲੀ ਵਾਰ ਐਲਾਨ ਸਾਲ 2015 ਵਿਚ ਕੀਤਾ ਸੀ।  ਉਸ ਵੇਲੇ ਦੱਸਿਆ ਗਿਆ ਸੀ ਕਿ ਇਹ ਚੀਨ ਦੀ ਪਹਿਲੀ ਟਰੇਨ ਹੋਵੇਗੀ, ਜੋ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੇਗੀ।

ਜਾਪਾਨ ਦੇ ਨਾਂ ਹੈ ਦੁਨੀਆ ਦੀ ਸਭ ਤੋਂ ਤੇਜ਼ ਟਰੇਨ ਦਾ ਖਿਤਾਬ
ਜਾਪਾਨ ਨੇ ਸਾਲ 2015 ਵਿਚ ਆਪਣੀ ਮੈਗਲੇਵ ਟਰੇਨ ਲਾਂਚ ਕੀਤੀ ਸੀ, ਜਿਸ ਨੇ 603 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦਾ  ਰਿਕਾਰਡ ਆਪਣੇ ਨਾਂ ਕੀਤਾ ਹੈ। ਕਿਹਾ ਜਾ ਸਕਦਾ ਹੈ ਕਿ ਜਿੱਥੇ ਦੁਨੀਆ ਭਰ ਦੇ ਦੇਸ਼ ਟਰੇਨ ਦੀ ਰਫਤਾਰ ਵਧਾਉਣ ਲਈ ਕੰਮ ਕਰ ਰਹੇ ਹਨ, ਉੱਥੇ ਹੀ ਭਾਰਤ ਨੂੰ ਵੀ ਅਜਿਹੀ ਤਕਨੀਕ 'ਤੇ ਆਧਾਰਤ ਟਰੇਨਸ ਸ਼ੁਰੂ ਕਰਨ ਦੀ ਲੋੜ ਹੈ।