ਚੀਨ ''ਚ ChatGPT ''ਤੇ ਲੱਗੀ ਪਾਬੰਦੀ, ਅਮਰੀਕੀ ਨਜ਼ਰੀਆ ਫੈਲਾਉਣ ਦਾ ਦੋਸ਼

02/24/2023 3:45:39 PM

ਗੈਜੇਟ ਡੈਸਕ- ਹੁਣ ਚੀਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਚੈਟਬਾਟ ChatGPT 'ਤੇ ਸਰਕਾਰ ਦਾ ਡੰਡਾ ਚੱਲਿਆ ਹੈ। ਚੀਨ ਦੀਆਂ ਇੰਟਰਨੈੱਟ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਚੈਟ ਜੀਪੀਟੀ ਦੀਆਂ ਸੇਵਾਵਾਂ ਨਾ ਦੇਣ। ਚੀਨ ਸਰਕਾਰ ਦਾ ਦੋਸ਼ ਹੈ ਕਿ ਇਸ ਚੈਟਬਾਟ ਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਕੀਤੀ ਗਈ ਹੈ, ਜਿਸ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਉਹ ਅਮਰੀਕੀ ਨਜ਼ਰੀਏ ਨਾਲ ਦਿੰਦਾ ਹੈ। 

ਟੈਨਸੈਂਟ ਹੋਲਡਿੰਗਸ ਅਤੇ ਐਂਟ ਗਰੁੱਪ ਵਰਗੀਆਂ ਕੰਪਨੀਆਂ ਨੂੰ ਚੈਟ ਜੀਪੀਟੀ ਸੇਵਾਵਾਂ ਤਕ ਐਕਸੈਸ (ਪਹੁੰਚ) ਤੁਰੰਤ ਰੋਕਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਜਿਹੇ ਕਿਸੇ ਵੀ ਤੀਜੇ ਪੱਖ ਨੂੰ ਵੀ ਆਪਣੇ ਪਲੇਟਫਾਰਮ ਦਾ ਇਸਤੇਮਾਲ ਨਾ ਕਰਨ ਦੇਣ ਜੋ ਇਸ ਚੈਟਬਾਟ ਦੀਆਂ ਸੇਵਾਵਾਂ ਦਿੰਦਾ ਹੋਵੇ। ਚੀਨ ਦੀਆਂ ਕੰਪਨੀਆਂ ਆਪਣੇ ਚੈਟਬਾਟ ਲਾਂਚ ਕਰਨ ਦੀ ਤਿਆਰੀ 'ਚ ਹਨ ਪਰ ਹੁਣ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਚੈਟਬਾਟਸ ਨੂੰ ਉਪਭੋਗਤਾਵਾਂ ਲਈ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸੂਚਨਾ ਸੰਬੰਧੀ ਸਰਕਾਰੀ ਵਿਭਾਗ ਨੂੰ ਦਿੱਤੀ ਜਾਵੇ। 

ਚੈਟ ਜੀਪੀਟੀ ਨੂੰ ਅਮਰੀਕਾ ਦੀ ਸਟਾਰਟਅਪ ਕੰਪਨੀ ਓਪੇਨ-ਏ.ਆਈ. ਨੇ ਤਿੰਨ ਮਹੀਨੇ ਪਹਿਲਾਂ ਲਾਂਚ ਕੀਤਾ ਸੀ। ਇਸ ਕੰਪਨੀ 'ਚ ਮਾਈਕ੍ਰੋਸਾਫਟ ਨੇ ਵੀ ਨਿਵੇਸ਼ ਕੀਤਾ ਹੈ। ਦੇਖਦੇ-ਦੇਖਦੇ ਚੈਟ ਜੀਪੀਟੀ ਦੁਨੀਆ ਭਰ 'ਚ ਬੇਹੱਦ ਲੋਕਪ੍ਰਸਿੱਧ ਹੋ ਗਿਆ। ਚੀਨ 'ਚ ਹਾਲਾਂਕਿ ਅਧਿਕਾਰਤ ਰੂਪ ਨਾਲ ਇਹ ਚੈਟਬਾਟ ਉਪਲੱਬਧ ਨਹੀਂ ਹੈ ਪਰ ਵੀਪੀਐੱਨ ਰਾਹੀਂ ਬਹੁਤ ਸਾਰੇ ਲੋਕ ਇਸਦੀ ਵਰਤੋਂ ਕਰ ਰਹੇ ਹਨ। ਇਸ ਵਿਚਕਾਰ ਇਸ ਚੈਟਬਾਟ ਦੀ ਨਕਲ ਕਰਕੇ ਕਈ ਕੰਪਨੀਆਂ ਨੇ ਅਜਿਹੀਆਂ ਹੀ ਸੇਵਾਵਾਂ ਦੇਣ ਵਾਲੇ ਆਪਣੇ ਐਪ ਜਾਂ ਵੈੱਬਸਾਈਟਾਂ ਲਾਂਚ ਕਰ ਦਿੱਤੀਆਂ ਹਨ। ਟੈਨਸੈਂਟ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ 'ਤੇ ਅਜਿਹੀਆਂ ਸੇਵਾਵਾਂ ਉਪਲੱਬਧ ਹੋਈਆਂ ਹਨ। ਤਾਜ਼ਾ ਸਰਕਾਰੀ ਆਦੇਸ਼ ਤੋਂ ਬਾਅਦ ਹੁਣ ਇਨ੍ਹਾਂ 'ਤੇ ਰੋਕ ਲੱਗ ਜਾਵੇਗੀ।

Rakesh

This news is Content Editor Rakesh