25,000 ਵਾਈ-ਫਾਈ ਹੌਟਸਪਾਟ ਲਾਉਣ ''ਤੇ 942 ਕਰੋੜ ਖਰਚੇਗੀ BSNL

06/11/2017 11:33:54 AM

ਜਲੰਧਰ- ਸਰਕਾਰੀ ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐੱਲ. ਦੇਸ਼ ਭਰ 'ਚ 25,000 ਵਾਈ-ਫਾਈ ਹੌਟਸਪਾਟ ਲਾਵੇਗੀ। ਇਸ 'ਤੇ 942 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ। ਇਸ ਦੇ ਲਈ ਸੰਚਾਰ ਮੰਤਰਾਲਾ ਦੇ ਨਾਲ ਬੀ. ਐੱਸ. ਐੱਨ. ਐੱਲ. ਦਾ ਸਮਝੌਤਾ ਹੋਵੇਗਾ। ਇਹ ਸਾਰੇ ਵਾਈ-ਫਾਈ ਹੌਟਸਪਾਟ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ 'ਚ ਲੱਗਣਗੇ। ਇਨ੍ਹਾਂ 'ਚ ਬੀ. ਐੱਸ. ਐੱਨ. ਐੱਲ. ਦੇ ਬਰਾਡਬੈਂਡ ਦੀ ਵਰਤੋਂ ਕੀਤੀ ਜਾਵੇਗੀ ਪਰ ਕੰਪਨੀ ਇਸਦਾ ਹਾਰਡਵੇਅਰ ਸਰਕਾਰੀ ਕੰਪਨੀ ਆਈ. ਟੀ. ਆਈ. ਤੋਂ ਖਰੀਦੇਗੀ। 
ਆਈ. ਟੀ. ਆਈ. ਵਾਈ-ਫਾਈ ਹੌਟਸਪਾਟ ਇਕਵਿਪਮੈਂਟ ਦੇ ਹਿੱਸੇ ਬਣਾਉਂਦੀ ਹੈ। ਸਰਕਾਰ ਨੇ ਡਿਜੀਟਲ ਇੰਡੀਆ ਨੂੰ ਉਤਸ਼ਾਹ ਦੇਣ ਲਈ ਇਹ ਕਦਮ ਚੁੱਕਿਆ ਹੈ। ਬੀ. ਐੱਸ. ਐੱਨ. ਐੱਲ. ਦੇ ਨਾਲ ਕਰਾਰ ਤੋਂ ਬਾਅਦ ਟੈਲੀਕਾਮ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਕਿ ਦੇਸ਼ 'ਚ ਡਾਟਾ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। 25,000 ਪਿੰਡਾਂ 'ਚ ਵਾਈ-ਫਾਈ ਲਾਉਣ ਦਾ ਫੈਸਲਾ ਇਸ ਦਿਸ਼ਾ 'ਚ ਇਕ ਕਦਮ ਹੈ। 

11 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦਾ ਟੀਚਾ 
ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਹੈ ਕਿ ਜਨਤਕ ਖੇਤਰ ਦੀ ਦੂਰਸੰਚਾਰ ਸੇਵਾ ਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਲਈ ਅਗਲੇ 12 ਮਹੀਨਿਆਂ ਦੌਰਾਨ 11 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਹੈ। ਇਸ ਵਾਰ ਬਾਜ਼ਾਰ ਹਿੱਸੇਦਾਰੀ 'ਚ ਅਸੀਂ 0.3 ਫ਼ੀਸਦੀ ਦਾ ਵਾਧਾ ਵੇਖਿਆ ਹੈ। ਮੈਨੂੰ ਇਸਦੇ 10.5 ਫ਼ੀਸਦੀ ਤੱਕ ਪੁੱਜਣ ਦੀ ਉਮੀਦ ਹੈ ਪਰ ਇਹ 11 ਫ਼ੀਸਦੀ ਨੂੰ ਵੀ ਪਾਰ ਕਰ ਸਕਦੀ ਹੈ। ਅਸੀਂ ਬੀ. ਐੱਸ. ਐੱਨ. ਐੱਲ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।