ਕਾਰ ਪਾਰਕਿੰਗ ਨੂੰ ਬਿਹਤਰ ਬਣਾਏਗੀ 733 ਸਟ੍ਰੀਟ ਸਮਾਰਟ ਪਾਰਕਿੰਗ ਮੈਨੇਜਮੈਂਟ ਐਪ

12/16/2019 10:38:26 AM

- ਘਰੋਂ ਨਿਕਲਣ ਤੋਂ ਪਹਿਲਾਂ ਬੁੱਕ ਕੀਤੀ ਜਾ ਸਕੇਗੀ ਪਾਰਕਿੰਗ 'ਚ ਥਾਂ
ਗੈਜੇਟ ਡੈਸਕ– ਘਰੋਂ ਨਿਕਲਣ ਤੋਂ ਪਹਿਲਾਂ ਜੇ ਤੁਹਾਨੂੰ ਇਹ ਫਿਕਰ ਰਹਿੰਦਾ ਹੈ ਕਿ ਆਖਰ ਕਾਰ ਨੂੰ ਪਾਰਕ ਕਿੱਥੇ ਕਰਾਂਗੇ ਤਾਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਹੁਣ ਇਕ ਐਪ ਤਿਆਰ ਕੀਤੀ ਗਈ ਹੈ। ਮੈਕ੍ਰੋ ਚੇਨਈ ਕਾਰਪੋਰੇਸ਼ਨ ਨੇ 'ਜੀ. ਸੀ. ਸੀ. ਸਟ੍ਰੀਟ ਸਮਾਰਟ ਪਾਰਕਿੰਗ ਮੈਨੇਜਮੈਂਟ' ਮੋਬਾਇਲ ਐਪਲੀਕੇਸ਼ਨ ਨੂੰ ਸ਼ੁਰੂ ਕੀਤਾ ਹੈ, ਜੋ ਸ਼ਹਿਰ ਵਿਚ ਖਾਲੀ ਪਾਰਕਿੰਗ ਸਲਾਟ ਦੀ ਭਾਲ ਕਰਨ ਅਤੇ ਉਸ ਨੂੰ ਬੁੱਕ ਕਰਨ ਵਿਚ ਮਦਦ ਕਰੇਗੀ।

ਐਪ 'ਚ ਸੇਵ ਕੀਤੀ ਗਈ 7667 ਪਾਰਕਿੰਗ ਸਲਾਟਸ ਦੀ ਜਾਣਕਾਰੀ
ਵਰਣਨਯੋਗ ਹੈ ਕਿ ਇਸ ਐਪ ਨੂੰ 2 ਏਜੰਸੀਆਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਚੇਨਈ ਸ਼ਹਿਰ ਦੇ 7667 ਪਾਰਕਿੰਗ ਸਲਾਟਸ ਦੀ ਜਾਣਕਾਰੀ ਸ਼ਾਮਲ ਹੈ। ਅਜੇ ਇਹ ਸੇਵਾ ਚੇਨਈ ਦੇ ਪੌਡੀ ਬਾਜ਼ਾਰ, ਬਸੰਤ ਨਗਰ, ਪੁਰਾਸਾਈਵਲਕਮ ਤੇ ਅੰਨਾਨਗਰ ਵਿਚ ਸ਼ੁਰੂ ਕੀਤੀ ਗਈ ਹੈ। ਅਗਲੇ 3 ਮਹੀਨਿਆਂ ਵਿਚ ਨਵੇਂ ਖੇਤਰਾਂ ਨੂੰ ਛੱਡ ਕੇ 23 ਹਜ਼ਾਰ ਪਾਰਕਿੰਗ ਸਲਾਟਸ ਇਸ ਐਪ ਰਾਹੀਂ ਬੁੱਕ ਕੀਤੇ ਜਾ ਸਕਣਗੇ।

ਲਾਈਵ ਜਾਣਕਾਰੀ ਅਪਡੇਟ ਕਰਨ ਲਈ ਲਾਏ ਗਏ 500 ਕੈਮਰੇ
ਪਾਰਕਿੰਗ 'ਚ ਖਾਲੀ ਥਾਂ ਦੀ ਜਾਣਕਾਰੀ ਐਪ ਯੂਜ਼ਰ ਤਕ ਪਹੁੰਚਾਉਣ ਲਈ ਕੁਲ 500 ਕੈਮਰੇ ਲਾਏ ਹਨ, ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ 700 ਹੋਣ ਵਾਲੀ ਹੈ। ਐਪ ਏਜੰਸੀ ਦੇ ਡਾਇਰੈਕਟਰ ਤਮਿਲ ਅਰਾਸਨ ਅਨੁਸਾਰ ਇਨ੍ਹਾਂ ਕੈਮਰਿਆਂ ਨਾਲ ਲਾਈਵ ਜਾਣਕਾਰੀ ਅਪਡੇਟ ਹੁੰਦੀ ਰਹੇਗੀ।

ਮਿੱਥੀ ਗਈ ਪਾਰਕਿੰਗ ਫੀਸ ਹੀ ਲੱਗੇਗੀ
ਪਾਰਕਿੰਗ 'ਚ ਥਾਂ ਬੁੱਕ ਕਰਨ 'ਤੇ ਜੀ. ਸੀ. ਸੀ. ਦੇ 58 ਕਰਮਚਾਰੀ ਮਿੱਥੀ ਗਈ ਪਾਰਕਿੰਗ ਫੀਸ ਹੀ ਵਸੂਲ ਕਰਨਗੇ। ਇਹ ਫੀਸ ਪਹਿਲੇ ਇਕ ਘੰਟੇ ਲਈ ਕਾਰਾਂ 'ਤੇ 20 ਰੁਪਏ ਅਤੇ 2 ਪਹੀਆ ਵਾਹਨਾਂ 'ਤੇ 5 ਰੁਪਏ ਰਹੇਗੀ। ਇਸ ਤੋਂ ਜ਼ਿਆਦਾ ਰੁਪਏ ਦੇਣ ਦੀ ਲੋੜ ਨਹੀਂ।

8 ਘੰਟੇ ਹੀ ਪਾਰਕ ਕਰ ਸਕੋਗੇ ਵਾਹਨ
ਪਾਰਕਿੰਗ 'ਚ ਕਾਰ ਰੱਖਣ 'ਤੇ ਤੁਹਾਨੂੰ 8 ਘੰਟਿਆਂ ਦੇ ਅੰਦਰ ਕਾਰ ਹਟਾਉਣੀ ਪਵੇਗੀ, ਨਹੀਂ ਤਾਂ  ਜੁਰਮਾਨਾ ਲਾਇਆ ਜਾਵੇਗਾ। ਤਿਉਹਾਰਾਂ ਜਾਂ ਖਾਸ ਮੌਕਿਆਂ 'ਤੇ ਪਾਰਕਿੰਗ ਵਾਲੀ ਥਾਂ ਪੂਰੀ ਭਰੀ ਹੋਣ 'ਤੇ ਸਮਾਰਟ ਐਪ ਯੂਜ਼ਰ ਨੂੰ ਨੇੜਲੀ ਖਾਲੀ ਪਾਰਕਿੰਗ ਬਾਰੇ ਜਾਣਕਾਰੀ ਦੇਵੇਗੀ। ਇਸ ਐਪ ਵਿਚ 10 ਹਜ਼ਾਰ ਅਜਿਹੇ ਪਾਰਕਿੰਗ ਸਥਾਨਾਂ ਬਾਰੇ ਜਾਣਕਾਰੀ ਵੀ ਮੌਜੂਦ ਹੈ, ਜੋ ਸ਼ਹਿਰਾਂਦੀਆਂ ਗਲੀਆਂ ਵਿਚ ਬਣੇ ਹਨ।

ਪੈਦਲ ਲੋਕਾਂ ਦੀ ਵਧੇਗੀ ਸਹੂਲਤ
ਚੇਨਈ ਸਮਾਰਟ ਸਿਟੀ ਲਿਮਟਿਡ ਦੇ ਸੀ. ਈ. ਓ. ਰਾਜ ਚੇਰੂਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਇਸ ਨਾਲ ਕਾਫੀ ਫਾਇਦਾ ਹੋਵੇਗਾ। ਗਲਤ ਢੰਗ ਨਾਲ ਪਾਰਕ ਕੀਤੇ ਗਏ ਵਾਹਨ ਟਰੈਫਿਕ ਜਾਮ ਦਾ ਕਾਰਣ ਬਣਦੇ ਹਨ ਅਤੇ ਪੈਦਲ ਚੱਲਣ ਵਾਲਿਆਂ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੇ ਹਨ। ਇਸ ਐਪ ਨਾਲ ਵਾਹਨ ਚਾਲਕਾਂ ਨੂੰ ਪਤਾ ਲੱਗ ਜਾਵੇਗਾ ਕਿ ਕਿੱਥੇ-ਕਿੱਥੇ ਪਾਰਕਿੰਗ ਮੁਹੱਈਆ ਹੈ ਤਾਂ ਉਹ ਆਸਾਨੀ ਨਾਲ ਕਾਰ ਪਾਰਕ ਕਰ ਸਕਣਗੇ।