Auto Expo 2020 : ਸ਼ੁਰੂ ਹੋਇਆ ਦੇਸ਼ ਦਾ ਸਭ ਤੋਂ ਵੱਡਾ ਆਟੋ ਸ਼ੋਅ

02/05/2020 1:35:26 PM

ਆਟੋ ਡੈਸਕ– ਮੀਡੀਆ ਈਵੈਂਟ ਦੇ ਨਾਲ ਭਾਰਤ ਦੇ ਸਭ ਤੋਂ ਵੱਡੇ ਆਟੋ ਸ਼ੋਅ ‘ਆਟੋ ਐਕਸਪੋ 2020’ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨੂੰ ਸਭ ਤੋਂ ਪਹਿਲਾਂ ਮੀਡੀਆ ਲਈ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਦੋ ਦਿਨਾਂ ਬਾਅਦ ਇਸ ਨੂੰ ਆਮ ਲੋਕਾਂ ਲਈ ਖੋਲਿਆ ਜਾਵੇਗਾ। ਈਵੈਂਟ ’ਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਰੈਨੋ, ਕੀਆ, ਹੁੰਡਈ ਅਤੇ ਐੱਮ.ਜੀ. ਮੋਟਰਸ ਨੇ ਆਪਣੀਆਂ ਨਵੀਆਂ ਕਾਰਾਂ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਨਪੀਆਂ ਦਾ ਪੂਰਾ ਜ਼ੋਰ ਇਲੈਕਟ੍ਰਿਕ ਵ੍ਹੀਕਲ ਅਤੇ ਐੱਸ.ਯੂ.ਵੀ. ਸੈਗਮੈਂਟ ’ਤੇ ਹੈ। 
- ਇਸ ਵਾਰ ਐਕਸਪੋ ’ਚ ਫੋਰਡ, ਬੀ.ਐੱਮ.ਡਬਲਯੂ., ਟੋਇਟਾ, ਆਡੀ, ਜੀਪ, ਵੋਲਵੋ, ਲੈਕਸਸ ਅਤੇ ਹੋਂਡਾ ਵਰਗੀਆਂ 9 ਵੱਡੀਆਂ ਕੰਪਨੀਆਂ ਨਹੀਂ ਪਹੁੰਚੀਆਂ ਪਰ ਚੀਨ ਤੋਂ ਗ੍ਰੇਟ ਵਾਲ ਮੋਟਰਸ ਅਤੇ ਐੱਮ.ਜੀ. ਵਰਗੀਆਂ ਕੰਪਨੀਆਂ ਪਹਿਲੀ ਵਾਰ ਭਾਰਤ ਆ ਰਹੀਆਂ ਹਨ। 

ਇਸ ਵਾਰ ਲੋਕਾਂ ਨੂੰ ਕਰਨਾ ਹੋਵੇਗਾ ਪੈਦਲ ਸਫਰ
ਪਾਰਕਿੰਗ ਵਾਲੀ ਥਾਂ ਤੋਂ ਇੰਡੀਆ ਐਕਸਪੋ ਮਾਰਟ ਜਾਣ ਲਈ ਮੁਫਤ ਸ਼ਟਲ ਬੱਸ ਸੇਵਾ ਇਸ ਵਾਰ ਨਹੀਂ ਚੱਲੇਗੀ, ਯਾਨੀ ਲੋਕਾਂ ਨੂੰ ਪੈਦਲ ਹੀ ਰਸਤਾ ਤੈਅ ਕਰਨਾ ਹੋਵੇਗਾ ਅਤੇ ਦਰਸ਼ਕਾਂ ਨੂੰ ਗੇਟ ਨੰਬਰ 1, 2, 3 ਅਤੇ 5 ਤੋਂ ਐਂਟਰੀ ਮਿਲੇਗੀ। 

ਨੌਲੇਜ ਪਾਰਕ ਹੈ ਵਾਹਨਾਂ ਦੀ ਪਾਰਕਿੰਗ
ਨੌਲੇਜ ਪਾਰਕ ਖੇਤਰ ’ਚ ਆਟੋ ਐਕਸਪੋ ’ਚ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਕਰੀਬ 10 ਹਜ਼ਾਰ ਤੋਂ ਜ਼ਿਆਦਾ ਵਾਹਨਾਂ ਨੂੰ ਇਥੇ ਪਾਰਕ ਕੀਤਾ ਜਾ ਸਕਦਾ ਹੈ। ਪਾਰਕਿੰਗ ਵਾਲੀ ਥਾਂ ਦੇ ਸਾਹਮਣੇ ਹੀ ਟਿਕਟ ਕਾਊਂਟਰ ਵੀ ਮੌਜੂਦ ਹਨ। 

ਈਵੈਂਟ ’ਚ ਸਭ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਫਿਊਚਰੋ-ਈ (Futuro-e) ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਟਾਟਾ ਨੇ ਆਪਣੀ ਸਿਏਰਾ ਈਵੀ ਕੰਸੈਪਟ ਐੱਸ.ਯੂ.ਵੀ. ਨੂੰ ਵੀ ਸ਼ੋਅਕੇਸ ਕੀਤਾ। 

ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ Futuro-e

ਆਟੋ ਐਕਸਪੋ 2020 ’ਚ ਮਾਰੂਤੀ ਸੁਜ਼ੂਕੀ ਨੇ ਆਪਣੀ 4 ਸੀਟਰ ਇਲੈਕਟ੍ਰਿਕ ਕਾਰ Futuro-e ਨੂੰ ਪੇਸ਼ ਕੀਤਾ ਹੈ। ਅਜੇ ਇਸ ਦੀ ਸ਼ੁਰੂਆਤ ਕੀਮਤ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਕੰਪਨੀ ਦੇ ਐੱਮ.ਡੀ. ਅਤੇ ਸੀ.ਈ.ਓ. ਕੈਨਿਚੀ ਅਯੁਕਾਵਾ ਨੇ ਕਿਹਾ ਕਿ ਫਿਊਚਰੋ-ਈ ਪੂਰੀ ਤਰ੍ਹਾਂ ਭਾਰਤ ’ਚ ਡਿਜ਼ਾਈਨ ਕੀਤੀ ਗਈ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਇਲੈਕਟ੍ਰਿਕ ਵ੍ਹੀਕਲਸ ਦੇ ਡਿਜ਼ਾਈਨ ’ਚ ਇਕ ਨਵਾਂ ਟ੍ਰੈਂਡ ਆਏਗਾ। 

ਟਾਟਾ ਨੇ ਸ਼ੋਅਕੇਸ ਕੀਤੀ Sierra EV concept

ਟਾਟਾ ਮੋਟਰਸ ਨੇ ਸ਼ਾਨਦਾਰ ਕੰਸੈਪਟ ਦੇ ਤੌਰ ’ਤੇ Sierra EV concept ਨੂੰ ਸ਼ੋਅਕੇਸ ਕੀਤਾ ਹੈ। ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਦੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ।