Apple ਡਿਵਾਈਸਿਜ਼ ''ਚ ਸਾਹਮਣੇ ਆਈ ਸੁਰੱਖਿਆ ਖਾਮੀ, ਆਸਾਨੀ ਨਾਲ ਲੀਕ ਹੋ ਸਕਦੈ ਤੁਹਾਡਾ ਫੋਨ ਨੰਬਰ

08/05/2019 10:41:56 AM

ਗੈਜੇਟ ਡੈਸਕ– ਜੇ ਤੁਸੀਂ ਵੀ ਐਪਲ ਡਿਵਾਈਸਿਜ਼ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹਈ ਹੈ। ਐਪਲ ਡਿਵਾਈਸਿਜ਼ ਵਿਚ ਅਜਿਹੀ ਸੁਰੱਖਿਆ ਖਾਮੀ ਦਾ ਪਤਾ ਲਾਇਆ ਗਿਆ ਹੈ, ਜਿਸ ਨਾਲ ਤੁਹਾਡਾ ਫੋਨ ਨੰਬਰ ਤੇ ਹੋਰ ਜਾਣਕਾਰੀ ਲੀਕ ਹੋ ਸਕਦੀ ਹੈ। ਦੱਸ ਦੇਈਏ ਕਿ ਐਪਲ ਡਿਵਾਈਸਿਜ਼ ਵਿਚ ਮਿਲਣ ਵਾਲੇ AirDrop ਤੇ Wi-Fi ਸ਼ੇਅਰਿੰਗ ਫੀਚਰਜ਼ ਰਾਹੀਂ ਯੂਜ਼ਰਜ਼ ਫਾਈਲਾਂ ਨੂੰ ਅਕਸਰ ਟਰਾਂਸਫਰ ਕਰਦੇ ਹਨ। ਨਵੀਂ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਫੀਚਰਜ਼ ਰਾਹੀਂ ਯੂਜ਼ਰ ਦਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ। ਇਹ ਖਾਮੀ iPhone, MacBook ਤੇ Apple Watch ਵਰਗੇ ਡਿਵਾਈਸਿਜ਼ ਵਿਚ ਦੇਖਣ ਨੂੰ ਮਿਲੀ ਹੈ।



ਇੰਝ ਚੋਰੀ ਕੀਤੀ ਜਾਂਦੀ ਹੈ ਜਾਣਕਾਰੀ
ਸਕਿਓਰਿਟੀ ਫਰਮ Hexway ਦੇ ਖੋਜੀਆਂ ਨੇ ਰਿਪੋਰਟ ਜਾਰੀ ਕਰ ਕੇ ਦੱਸਿਆ ਹੈ ਕਿ ਐਪਲ ਡਿਵਾਈਸਿਜ਼ ਬਲੂਟੁੱਥ ਦੀ ਮਦਦ ਨਾਲ ਵੱਡੇ ਡਾਟਾ ਪੈਕੇਟ ਹੋਰ ਡਿਵਾਈਸਿਜ਼ 'ਤੇ ਭੇਜਦੇ ਹਨ। ਇਸ ਦੌਰਾਨ ਡਿਵਾਈਸ ਦਾ ਨਾਂ, OS ਵਰਜ਼ਨ, ਬੈਟਰੀ ਸਟੇਟਸ ਆਦਿ ਦੀ ਜਾਣਕਾਰੀ ਲੀਕ ਹੁੰਦੀ ਹੈ। ਉਦਾਹਰਣ ਦਿੰਦਿਆਂ ਦੱਸਿਆ ਗਿਆ ਹੈ ਕਿ ਵਾਈ-ਫਾਈ ਜਾਂ ਏਅਰਡ੍ਰਾਪ ਦੀ ਮਦਦ ਨਾਲ ਜੇ ਤੁਸੀਂ  ਕੁਝ ਸੈਂਡ ਕਰਦੇ ਹੋ ਤਾਂ ਤੁਹਾਡਾ ਫੋਨ SHA256 (ਫੋਨ ਨੰਬਰ) ਆਸ-ਪਾਸ ਦੇ ਸਾਰੀ ਡਿਵਾਈਸਿਜ਼ ਲਈ ਵਿਜ਼ੀਬਲ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਸੈਂਡਰ ਦਾ ਫੋਨ ਨੰਬਰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ ਅਤੇ ਉਸ ਦੇ iMessage 'ਤੇ ਕਾਂਟੈਕਟ ਕਰ ਕੇ ਨਾਂ ਜਾਂ ਹੋਰ ਨਿੱਜੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਸਕਦੀ ਹੈ।



iOS ਦੇ ਇਸ ਵਰਜ਼ਨ 'ਚ ਸਾਹਮਣੇ ਆਈ ਖਾਮੀ
ਰਿਪੋਰਟ ਅਨੁਸਾਰ ਇਹ ਖਾਮੀ iOS 10.3.1 ਤੇ ਇਸ ਤੋਂ ਬਾਅਦ ਵਾਲੇ ਸਾਰੇ  iOS ਵਰਜ਼ਨਜ਼ 'ਚ ਦੇਖਣ ਨੂੰ ਮਿਲ ਰਹੀ ਹੈ। ਇਸ ਸੁਰੱਖਿਆ ਖਾਮੀ ਰਾਹੀਂ ਤੁਹਾਡੀ ਐਪਲ ਆਈ. ਡੀ. ਤੇ ਈ-ਮੇਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।



ਨੰਬਰ ਚੋਰੀ ਹੋਣ ਤੋਂ ਬਚਾਉਣ ਦਾ ਇਕੋ-ਇਕ ਤਰੀਕਾ
ਨੰਬਰ ਲੀਕ ਹੋਣ ਤੋਂ ਬਚਾਉਣ ਦਾ ਇਕੋ-ਇਕ ਤਰੀਕਾ ਹੈ ਕਿ ਤੁਸੀਂ ਆਪਣੀ ਡਿਵਾਈਸ ਦੇ ਬਲੂਟੁੱਥ ਨੂੰ ਆਫ ਰੱਖੋ, ਜਿਸ ਨਾਲ ਤੁਸੀਂ ਆਪਣੇ ਫੋਨ ਨੰਬਰ ਨੂੰ ਲੀਕ ਹੋਣ ਤੋਂ ਬਚਾਅ ਸਕਦੇ ਹੋ।