ਲਾਂਚ ਹੋਇਆ Android 10 ਦਾ GO ਐਡੀਸ਼ਨ, ਸਸਤੇ ਸਮਾਰਟਫੋਨਜ਼ ''ਚ ਵੀ ਮਿਲੇਗੀ ਤੇਜ਼ ਸਪੀਡ

09/28/2019 10:23:44 AM

ਗੈਜੇਟ ਡੈਸਕ– ਗੂਗਲ ਨੇ ਪਿਛਲੇ ਸਾਲ ਐਂਟਰੀ ਲੈਵਲ ਸਮਾਰਟਫੋਨਜ਼ ਲਈ ਐੈਂਡ੍ਰਾਇਡ ਗੋ ਐਡੀਸ਼ਨ ਲਾਂਚ ਕੀਤਾ ਸੀ। ਐਂਡ੍ਰਾਇਡ ਗੋ ਨੂੰ ਕੁਲ ਮਿਲਾ ਕੇ ਪੂਰੀ ਦੁਨੀਆ ਵਿਚ 1600 ਡਿਵਾਈਸਿਜ਼ 'ਤੇ ਮੁਹੱਈਆ ਕਰਵਾਇਆ ਗਿਆ ਸੀ, ਜੋ 500 ਨਿਰਮਾਤਾਵਾਂ ਨੇ ਤਿਆਰ ਕੀਤੇ ਸਨ। ਕੁਲ ਮਿਲਾ ਕੇ 160 ਦੇਸ਼ਾਂ ਵਿਚ ਇਨ੍ਹਾਂ ਨੂੰ ਵੇਚਿਆ ਗਿਆ ਸੀ। ਐਂਟਰੀ ਲੈਵਲ ਸਮਾਰਟਫੋਨਜ਼ ਲਈ ਬਣਾਏ ਗਏ ਇਸ ਆਪ੍ਰੇਟਿੰਗ ਸਿਸਟਮ ਦੇ ਨਵੇਂ ਐਡੀਸ਼ਨ ਐਂਡ੍ਰਾਇਡ 10 ਗੋ ਐਡੀਸ਼ਨ ਨੂੰ ਹੁਣ ਗੂਗਲ ਵਲੋਂ ਲਾਂਚ ਕੀਤਾ ਗਿਆ ਹੈ। ਗੂਗਲ ਦੇ ਪ੍ਰੋਡਕਟ ਮੈਨੇਜਮੈਂਟ ਡਾਇਰੈਕਟਰ (ਐਂਡ੍ਰਾਇਡ) ਸਾਗਰ ਕਾਮਦਾਰ ਨੇ ਕਿਹਾ ਕਿ ਐਂਡ੍ਰਾਇਡ 10 ਗੋ ਐਡੀਸ਼ਨ ਪਹਿਲੇ ਐਡੀਸ਼ਨ ਨਾਲੋਂ ਜ਼ਿਆਦਾ ਤੇਜ਼ ਤੇ ਸੁਰੱਖਿਅਤ ਹੈ।

ਸਸਤੇ ਫੋਨਾਂ 'ਚ ਵੀ ਤੇਜ਼ੀ ਨਾਲ ਖੁੱਲ੍ਹਣਗੀਆਂ ਐਪਸ
ਐਂਡ੍ਰਾਇਡ 10 ਗੋ ਐਡੀਸ਼ਨ ਨੂੰ ਲਿਆਉਣ ਦਾ ਸਭ ਤੋਂ ਵੱਡਾ ਉਦੇਸ਼ ਸੀ ਕਿ ਸਸਤੇ ਸਮਾਰਟਫੋਨਜ਼ ਵਿਚ ਤੇਜ਼ੀ ਨਾਲ ਐਪਸ ਖੁੱਲ੍ਹਣ ਅਤੇ ਐਪ ਦੇ ਵਿਚਕਾਰ ਸਵਿੱਚ ਕਰਨ 'ਚ ਵੀ ਯੂਜ਼ਰ ਨੂੰ ਆਸਾਨੀ ਰਹੇ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਆਉਣ ਨਾਲ ਸਸਤੇ ਸਮਾਰਟਫੋਨ ਦੀ ਪ੍ਰਫਾਰਮੈਂਸ ਵੀ ਚੰਗੀ ਹੋ ਜਾਵੇਗੀ।

ਵਧੇਗੀ ਸਮਾਰਟਫੋਨਜ਼ ਦੀ ਸੁਰੱਖਿਆ
ਸੁਰੱਖਿਆ ਲਈ ਐਂਡ੍ਰਾਇਡ 10 ਗੋ ਐਡੀਸ਼ਨ ਵਿਚ ਨਵੇਂ ਇਨਕ੍ਰਿਪਸ਼ਨ ਸਟੈਂਡਰਡ Adiantum ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਯੂਜ਼ਰਜ਼ ਦੇ ਡਾਟਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇਗੀ। ਸਾਗਰ ਕਾਮਦਾਰ ਨੇ ਕਿਹਾ ਕਿ ਸਾਡੀ ਡਿਜੀਟਲ ਸਕਿਓਰਿਟੀ ਨੂੰ ਨਵੀਂ ਇਨਕ੍ਰਿਪਸ਼ਨ ਤਕਨੀਕ ਬਿਹਤਰ ਬਣਾਏਗੀ। ਇਸ ਐਡੀਸ਼ਨ ਵਿਚ ਗੂਗਲ ਗੋ, ਯੂ-ਟਿਊਬ ਗੋ ਤੇ ਗੈਲਰੀ ਗੋ ਵਰਗੀਆਂ ਐਪਸ ਕਾਫੀ ਤੇਜ਼ੀ ਨਾਲ ਕੰਮ ਕਰਨਗੀਆਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਐਡੀਸ਼ਨ ਵਿਚ ਯੂ-ਟਿਊਬ ਗੋ ਐਪ ਦਾ ਸਾਈਜ਼ ਸਿਰਫ 10MB ਰੱਖਿਆ ਗਿਆ ਹੈ। ਐਂਡ੍ਰਾਇਡ 10 ਗੋ ਐਡੀਸ਼ਨ ਨੂੰ ਕਦੋਂ ਤੋਂ ਅਤੇ ਕਿਹੜੀ ਕੰਪਨੀਦੇ ਸਮਾਰਟਫੋਨ ਵਿਚ ਦਿੱਤਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।