ਏਅਰਟੈੱਲ ਨੇ ਭਾਰਤੀ ਇਨਫ੍ਰਾਟੈੱਲ ਦੀ 10.3 ਫੀਸਦੀ ਹਿੱਸੇਦਾਰੀ ਵੇਚੀ

03/29/2017 11:17:34 AM

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਲਿ. ਨੇ ਆਪਣੀ ਇਕਾਈ ਭਾਰਤੀ ਇਨਫ੍ਰਾਟੈੱਲ ਲਿ. ''ਚ ਆਪਣੀ 10.3 ਫੀਸਦੀ ਹਿੱਸੇਦਾਰੀ ਵੇਚਣ ਦਾ ਸੌਦਾ ਪੂਰਾ ਕਰ ਲਿਆ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ ਕੇ. ਕੇ. ਆਰ. ਅਤੇ ਕੈਨੇਡਾ ਪੈਨਸ਼ਨ ਪਲਾਨ ਇਨਵੈੱਸਟਮੈਂਟ ਬੋਰਡ (ਸੀ. ਪੀ. ਪੀ. ਆਈ. ਬੀ.) ਦੇ ਕੰਸੋਰਟੀਅਮ ਨੂੰ 6,193.9 ਕਰੋੜ ਰੁਪਏ (ਤਕਰੀਬਨ 95.16 ਕਰੋੜ ਡਾਲਰ) ''ਚ ਭਾਰਤੀ ਇਨਫ੍ਰਾਟੈੱਲ ਦੇ ਆਪਣੇ 19 ਕਰੋੜ ਸ਼ੇਅਰ ਵੇਚੇ ਜੋ 10.3 ਫੀਸਦੀ ਹਿੱਸੇਦਾਰੀ ਦੇ ਬਰਾਬਰ ਹਨ। ਇਸ ਸੌਦੇ ਦੇ ਪੂਰੇ ਹੋ ਜਾਣ ਮਗਰੋਂ ਹੁਣ ਭਾਰਤੀ ਇਨਫ੍ਰਾਟੈੱਲ ''ਚ ਉਸਦੀ ਹਿੱਸੇਦਾਰੀ ਘਟ ਕੇ 61.7 ਫੀਸਦੀ ਰਹਿ ਗਈ ਹੈ। ਉਸ ਨੇ ਦੱਸਿਆ ਕਿ ਹਿੱਸੇਦਾਰੀ ਵੇਚ ਕੇ ਵਸੂਲੀ ਗਈ ਰਾਸ਼ੀ ਦੀ ਵਰਤੋਂ ਉਧਾਰ ਚੁਕਾਉਣ ''ਚ ਕੀਤੀ ਜਾਵੇਗੀ।