ਮੁਕੱਦਮੇ ਤੋਂ ਡਰੀ ਐਪਲ, ਖੁਦ ਨੂੰ ਬਚਾਉਣ ਲਈ ਜਾਰੀ ਕੀਤੀ iOS 12.1 ਅਪਡੇਟ

11/03/2018 1:10:22 AM

ਗੈਜੇਟ ਡੈਸਕ : ਐਪਲ ਨੇ ਪਿਛਲੇ ਸਾਲ ਆਈਫੋਨ 8, 8 ਪਲੱਸ ਤੇ ਆਈਫੋਨ X ਲਾਂਚ ਕੀਤਾ ਸੀ। ਕੰਪਨੀ ਨੇ ਉਸ ਵੇਲੇ ਕਿਹਾ ਸੀ ਕਿ ਨਵੇਂ ਆਈਫੋਨਸ ਚੰਗੀ ਪ੍ਰਫਾਰਮੈਂਸ ਦੇਣਗੇ ਪਰ ਇਕ ਸਾਲ ਦੇ ਅੰਦਰ ਹੀ ਇਨ੍ਹਾਂ ਦੇ ਬੈਟਰੀ ਬੈਕਅੱਪ ਨੂੰ ਲੈ ਕੇ ਸਮੱਸਿਆ ਆਉਣੀ ਸ਼ੁਰੂ ਹੋ ਗਈ, ਜਿਸ ਨਾਲ ਐਪਲ ਦੇ ਦਾਅਵੇ ਫਿੱਕੇ ਪੈਂਦੇ ਨਜ਼ਰ ਆਉਣ ਲੱਗੇ। ਆਨਲਾਈਨ ਨਿਊਜ਼ ਵੈੱਬਸਾਈਟ ‘ਡੇਲੀ ਮੇਲ’ ਦੀ ਰਿਪੋਰਟ ਅਨੁਸਾਰ ਇਹ ਸਮੱਸਿਆ ਸਾਹਮਣੇ ਆਉਣ ’ਤੇ ਐਪਲ ਨੇ iOS 12.1 ਜਾਰੀ ਕੀਤਾ ਅਤੇ ਕਿਹਾ ਕਿ ਲੋਕ ਆਪਣੇ ਆਈਫੋਨ ਦੀ ਬੈਟਰੀ ਇਸ ਸਾਲ ਦੇ ਅਖੀਰ ਤਕ 29 ਡਾਲਰ (ਲਗਭਗ 2100 ਰੁਪਏ) ਵਿਚ ਨਵੀਂ ਬੈਟਰੀ ਨਾਲ ਬਦਲਵਾ ਸਕਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੰਪਨੀ ਨੇ ਆਪਣੇ ਨਵੇਂ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਪਿਛਲੇ ਸਾਲ ਲਾਂਚ ਕੀਤੇ ਮਾਡਲਜ਼ ਨੂੰ ਸਲੋਅ ਕੀਤਾ ਸੀ, ਜਦਕਿ ਇਕ ਸਾਲ ਦੇ ਅੰਦਰ ਹੀ ਬੈਟਰੀ ਬਦਲ ਕੇ ਹੋਰ ਪੈਸੇ ਬਣਾਉਣ ਦੀ ਕੋਸ਼ਿਸ਼ ਵੀ ਐਪਲ ਕਰ ਰਹੀ ਹੈ।

ਨਵੇਂ ਆਈਫੋਨ ਖਰੀਦਣ ਲਈ ਉਤਸ਼ਾਹਿਤ ਕਰ ਰਹੀ ਹੈ ਐਪਲ
ਇਟਲੀ ’ਚ ਐਪਲ ’ਤੇ 5.7 ਮਿਲੀਅਨ ਡਾਲਰ ਜੁਰਮਾਨਾ ਲੱਗਣ ਪਿੱਛੋਂ ਕੰਪਨੀ ਨੇ ਮੰਗਲਵਾਰ iOS 12.1 ਅਪਡੇਟ ਜਾਰੀ ਕੀਤਾ। ਇਸ ’ਚ ਇਕ ਕੰਟ੍ਰੋਵਰਸ਼ੀਅਲ ਫੀਚਰ ਸ਼ਾਮਲ ਕੀਤਾ ਗਿਆ, ਜੋ ਪ੍ਰੋਸੈਸਿੰਗ ਨੂੰ ਮੈਨੇਜ ਕਰਦਿਆਂ ਬੈਟਰੀ ਬੈਕਅਪ ਵਧਾ ਦਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਐਪਲ ਆਪਣੇ ਗਾਹਕਾਂ ਨੂੰ 12 ਸਤੰਬਰ ਨੂੰ ਲਾਂਚ ਕੀਤੇ ਗਏ ਨਵੇਂ ਆਈਫੋਨਸ ਖਰੀਦਣ ਲਈ ਉਤਸ਼ਾਹਿਤ ਕਰ ਸਕੇ।

ਇਸ ਲਈ ਘੱਟ ਹੋ ਰਿਹੈ ਆਈਫੋਨਸ ਦਾ ਬੈਕਅਪ
ਐਪਲ ਨੇ ਆਪਣੇ ਸਾਫਟਵੇਅਰ ਨੂੰ ਕਾਫੀ ਐਡਵਾਂਸਡ ਬਣਾ ਲਿਆ ਹੈ, ਜਿਸ ਨਾਲ ਆਈਫੋਨ ਦੀ ਬੈਟਰੀ ’ਤੇ ਸਟ੍ਰੇਨ ਪੈਂਦੀ ਹੈ ਅਤੇ ਇਸ ਨਾਲ ਆਈਫੋਨ ਦੀ ਲਾਈਫ ਵੀ ਘਟ ਰਹੀ ਹੈ। ਇਸੇ ਕਾਰਨ ਆਈਫੋਨ ਦੀ ਪ੍ਰਫਾਰਮੈਂਸ ਖਰੀਦਦਾਰੀ ਤੋਂ ਕੁਝ ਸਮੇਂ ਬਾਅਦ ਹੀ ਘਟ ਜਾਂਦੀ ਹੈ ਅਤੇ ਇਹ ਚੱਲਣ ਵੇਲੇ ਬੰਦ ਵੀ ਹੋਣ ਲੱਗਦੇ ਹਨ ਪਰ ਐਪਲ ਇਹ ਗੱਲ ਹਮੇਸ਼ਾ ਲੁਕਾਉਂਦੇ ਹੋਏ ਬੈਟਰੀ ਬਦਲਣ ਨਾਲ ਹੀ ਸਮੱਸਿਆ ਦੂਰ ਹੋਵੇਗੀ, ਅਜਿਹਾ ਕਹਿੰਦੀ ਆਈ ਹੈ। ਇਸ ਲਈ ਹੁਣ ਬੈਟਰੀ ਬਦਲਣ ਦਾ ਪ੍ਰੋਗਰਾਮ ਵੀ ਕੰਪਨੀ ਨੇ ਸ਼ੁਰੂ ਕੀਤਾ ਹੈ, ਜੋ ਸਾਲ ਦੇ ਅਖੀਰ ਤਕ ਚੱਲੇਗਾ।

ਇੰਝ ਹੋਇਆ ਖੁਲਾਸਾ
ਐਪਲ ਨੇ iOS 12.1 ਦੇ ਰਿਲੀਜ਼ ਨੋਟਸ ’ਚ ਮੰਨਿਆ ਹੈ ਕਿ ਨਵੀਂ ਅਪਡੇਟ ਰਾਹੀਂ ਪ੍ਰਫਾਰਮੈਂਸ ਮੈਨੇਜਮੈਂਟ ਫੀਚਰ ਨੂੰ ਆਨ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਆਈਫੋਨ ਦੀ ਖਰੀਦਦਾਰੀ ਵਿਚ ਅਜੇ ਇਕ ਸਾਲ ਵੀ ਨਹੀਂ ਹੋਇਆ ਅਤੇ ਯੂਜ਼ਰਸ ਨੂੰ ਬੈਟਰੀ ਬਦਲਵਾਉਣ ਲਈ ਕਿਹਾ ਜਾ ਰਿਹਾ ਹੈ। ਐਪਲ ਨੇ ਦੱਸਿਆ ਕਿ ਇਸ ਪ੍ਰਫਾਰਮੈਂਸ ਮੈਨੇਜਮੈਂਟ ਫੀਚਰ ਨੂੰ ਨਵੇਂ  iOS 12.1 ਅਪਡੇਟ ਰਾਹੀਂ ਆਈਫੋਨ 8, ਆਈਫੋਨ 8 ਪਲੱਸ ਤੇ ਆਈਫੋਨ ਐਕਸ ਵਿਚ ਦਿੱਤਾ ਗਿਆ ਹੈ, ਉਥੇ ਹੀ ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6 ਐੱਸ, ਆਈਫੋਨ 6 ਐੱਸ ਪਲੱਸ, ਆਈਫੋਨ ਐੱਸ. ਈ., ਆਈਫੋਨ 7 ਤੇ ਆਈਫੋਨ 7 ਪਲੱਸ ਵਿਚ ਵੀ ਬੈਕਅਪ ਨੂੰ ਲੈ ਕੇ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।