ਯੂਜ਼ਰਸ ਦੀ ਲੋਕੇਸ਼ਨ ਟ੍ਰੈਕਿੰਗ ਮਾਮਲੇ ''ਚ ਗੂਗਲ ਖਿਲਾਫ ਮਾਮਲਾ ਦਰਜ

08/21/2018 12:58:58 PM

ਜਲੰਧਰ— ਸੈਨ ਫ੍ਰਾਂਸਿਸਕੋ ਦੀ ਇਕ ਅਦਾਲਤ 'ਚ ਗੂਗਲ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਗੂਗਲ 'ਤੇ ਯੂਜ਼ਰਸ ਦੀ ਗੂਗਲ ਲੋਕੇਸ਼ਨ ਬੰਦ ਹੋਣ ਦੇ ਬਾਵਜੂਦ ਟ੍ਰੈਕ ਕੀਤੇ ਜਾਣ ਨੂੰ ਲੈ ਕੇ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਇਕ ਵਿਅਕਤੀ ਨੇ ਵੀਰਵਾਰ ਨੂੰ ਗੂਗਲ 'ਤੇ ਮਾਮਲਾ ਦਰਜ ਕਰਵਾਇਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਗੂਗਲ ਨੇ ਆਪਣੇ ਯੂਜ਼ਰਸ ਨੂੰ ਜਾਣਕਾਰੀ ਦਿੱਤੀ ਹੈ ਕਿ ਜੇਕਰ ਗੂਗਲ ਲੋਕੇਸ਼ਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਯੂਜ਼ਰ ਦੀ ਲੋਕੇਸ਼ਨ ਟ੍ਰੈਕ ਹੋਣਾ ਵੀ ਬੰਦ ਹੋ ਜਾਵੇਗੀ ਪਰ ਇਹ ਪੂਰੀ ਤਰ੍ਹਾਂ ਗਲਤ ਅਤੇ ਝੂਠ ਹੈ।

ਮੁਕੱਦਮੇ 'ਚ ਗੂਗਲ 'ਤੇ ਨਿਜਤਾ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵੀ ਆਪਣੀ ਇਕ ਖੋਜ 'ਚ ਪਾਇਆ ਸੀ ਕਿ ਗੂਗਲ ਆਪਣੇ ਯੂਜ਼ਰਸ ਦੀ ਲੋਕੇਸ਼ਨ ਟ੍ਰੈਕ ਕਰਦਾ ਹੈ। ਫਿਰ ਚਾਹੇ ਯੂਜ਼ਰ ਨੇ ਲੋਕੇਸ਼ਨ ਨੂੰ ਬੰਦ ਹੀ ਕਿਉਂ ਨਾ ਕਰ ਦਿੱਤਾ ਹੋਵੇ। ਰਿਸਰਚ ਆਉਣ ਤੋਂ ਬਾਅਦ ਗੂਗਲ ਨੇ ਆਪਣੇ ਸਪੋਰਟ ਪੇਜ 'ਚ ਬਦਲਾਅ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਲੋਕੇਸ਼ਨ ਹਿਸਟਰੀ ਨੂੰ ਬੰਦ ਕਰਨ ਤੋਂ ਬਾਅਦ ਵੀ ਕੁਝ ਗੂਗਲ ਲੋਕੇਸ਼ਨ ਸਰਵੀਸਿਜ਼ ਅਤੇ ਫਾਇੰਡ ਮਾਈ ਡਿਵਾਈਸ ਆਦਿ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਤੋਂ ਇਲਵਾ ਗੂਗਲ ਕਈ ਹੋਰ ਮਾਮਲਿਆਂ 'ਚ ਵੀ ਤੁਹਾਡੀ ਲੋਕੇਸ਼ਨ ਨੂੰ ਟ੍ਰੈਕ ਕਰ ਸਕਦਾ ਹੈ। ਇਸ ਵਿਚ ਗੂਗਲ ਮੈਪਸ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਇਸ ਪੇਜ ਰਾਹੀਂ ਗੂਗਲ ਜਾਣਕਾਰੀ ਦਿੰਦਾ ਸੀ ਕਿ ਲੋਕੇਸ਼ਨ ਬੰਦ ਕਰਨ ਤੋਂ ਬਾਅਦ ਜਿਥੇ ਵੀ ਤੁਸੀਂ ਗਏ ਹੋ, ਉਸ ਥਾਂ ਦੀ ਜਾਣਕਾਰੀ ਨੂੰ ਗੂਗਲ ਸਟੋਰ ਨਹੀਂ ਕਰੇਗਾ।