ਸਭ ਤੋਂ ਜ਼ਿਆਦਾ ਵਿਕਰੀ ਵਾਲੇ 10 ਵਾਹਨਾਂ ’ਚ ਮਾਰੂਤੀ-ਸੁਜ਼ੂਕੀ ਦੇ 8 ਮਾਡਲ

06/24/2019 10:47:57 PM

ਨਵੀਂ ਦਿੱਲੀ— ਵਾਹਨ ਉਦਯੋਗ ਨਾਲ ਜੁਡ਼ੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਈ ’ਚ ਸਭ ਤੋਂ ਜ਼ਿਆਦਾ ਵਿਕਰੀ ਵਾਲੀਆਂ 10 ਕਾਰਾਂ ’ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ-ਸੁਜ਼ੂਕੀ ਦੇ 8 ਮਾਡਲ ਸ਼ਾਮਲ ਹਨ, ਹਾਲਾਂਕਿ ਕੁਲ ਮਿਲਾ ਕੇ ਵਾਹਨਾਂ ਦੀ ਵਿਕਰੀ ’ਚ ਪਿਛਲੇ ਮਹੀਨੇ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਮੁਤਾਬਕ ਕੰਪਨੀ ਦੀ ਲੋਕਪ੍ਰਿਅ ਹੈਚਬੈਕ ਕਾਰ ਸਵਿਫਟ ਪਿਛਲੇ ਮਹੀਨੇ ਸਭ ਤੋਂ ਜ਼ਿਆਦਾ ਵਿਕਰੀ ਵਾਲੀਆਂ ਕਾਰਾਂ ਦੀ ਸੂਚੀ ’ਚ ਚੋਟੀ ਦੇ ਸਥਾਨ ’ਤੇ ਰਹੀ। ਮਾਰੂਤੀ-ਸੁਜ਼ੂਕੀ ਨੇ ਮਈ ’ਚ ਸਵਿਫਟ ਦੀਆਂ 17,039 ਇਕਾਈਆਂ ਦੀ ਵਿਕਰੀ ਕੀਤੀ। ਪਿਛਲੇ ਸਾਲ ਦੇ ਇਸੇ ਮਹੀਨੇ ’ਚ ਇਹ ਮਾਡਲ ਵਿਕਰੀ ਦੇ ਮਾਮਲੇ ’ਚ ਚੌਥੇ ਸਥਾਨ ’ਤੇ ਰਿਹਾ ਸੀ। ਦੂਜੇ ਸਥਾਨ ’ਤੇ ਆਲਟੋ ਦਾ ਸਥਾਨ ਆਉਂਦਾ ਹੈ। ਇਸ ਮਾਡਲ ਦੀਆਂ 16,394 ਇਕਾਈਆਂ ਵਿਕੀਆਂ। ਪਿਛਲੇ ਸਾਲ ਮਈ ’ਚ ਵੀ ਵਿਕਰੀ ਦੇ ਮਾਮਲੇ ’ਚ ਇਹ ਮਾਡਲ ਦੂਜੇ ਸਥਾਨ ’ਤੇ ਰਿਹਾ ਸੀ। ਹਾਲਾਂਕਿ ਮਾਰੂਤੀ ਦੀ ਹੀ ਕਾਂਪੈਕਟ ਸੇਡਾਨ ਡਿਜ਼ਾਇਰ ਪਿਛਲੇ ਮਹੀਨੇ ਵਿਕਰੀ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਰਹੀ, ਜਦੋਂਕਿ ਪਿਛਲੇ ਸਾਲ ਮਈ ’ਚ ਉਹ ਚੋਟੀ ’ਤੇ ਸੀ। ਪ੍ਰੀਮੀਅਮ ਹੈਚਬੈਕ ਮਾਡਲ ਬਲੇਨੋ ਸਿਆਮ ਦੀ ਇਸ ਸੂਚੀ ’ਚ ਵਿਕਰੀ ਦੇ ਮਾਮਲੇ ’ਚ ਚੌਥੇ, ਵੈਗਨਾਰ 5ਵੇਂ ਅਤੇ ਕੰਪਨੀ ਦੀ ਯੂਟੀਲਿਟੀ ਕਾਰ ਈਕੋ 6ਵੇਂ ਸਥਾਨ ’ਤੇ ਰਹੀ।

ਈਕੋ ਨੇ ਲੰਮੇ ਅਰਸੇ ਬਾਅਦ ਸਭ ਤੋਂ ਜ਼ਿਆਦਾ ਵਿਕਰੀ ਵਾਲੀਆਂ ਕਾਰਾਂ ਦੀ ਸੂਚੀ ’ਚ ਆਪਣਾ ਸਥਾਨ ਬਣਾਇਆ ਹੈ। ਹੁੰਡਈ ਦੀ ਐੱਸ. ਯੂ. ਵੀ. ਕਾਰ ਕਰੇਟਾ ਇਸ ਸੂਚੀ ’ਚ 7ਵੇਂ , ਏਲਿਟ ਆਈ-20 8ਵੇਂ, ਮਾਰੂਤੀ ਦੀ ਅਰਟਿਗਾ 9ਵੇਂ ਅਤੇ ਵਿਟਾਰਾ ਬ੍ਰਿਜ਼ਾ 10ਵੇਂ ਸਥਾਨ ’ਤੇ ਰਹੀ। ਕੁਲ ਮਿਲਾ ਕੇ ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਮਈ ’ਚ 18 ਸਾਲਾਂ ’ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਮਈ ’ਚ ਵਾਹਨਾਂ ਦੀ ਥੋਕ ਵਿਕਰੀ 20 ਫੀਸਦੀ ਦੀ ਗਿਰਾਵਟ ਦੇ ਨਾਲ 2,39,347 ਇਕਾਈਆਂ ਰਹੀ। ਇਕ ਸਾਲ ਪਹਿਲਾਂ ਮਈ ’ਚ ਇਹ ਅੰਕੜਾ 3,01,238 ਦਾ ਰਿਹਾ ਸੀ।

Inder Prajapati

This news is Content Editor Inder Prajapati