ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅੱਜ ਵੀ ਸਮੁੱਚੀ ਦੁਨੀਆ ਦੇ ਭਲੇ ਲਈ ਰਾਹ ਦਸੇਰਾ : ਜਗਰੂਪ

12/12/2018 3:43:16 PM

ਫਿਰੋਜ਼ਪੁਰ (ਬੰਟੀ, ਦੀਪਕ, ਬਜਾਜ, ਨਿਖੰਜ, ਸੇਤੀਆ, ਟੀਨੂੰ, ਦੀਪਕ)– ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਫਾਜ਼ਿਲਕਾ ਵੱਲੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਫਿਲਾਸਫੀ ਅਤੇ ਵਿਚਾਰਧਾਰਾ ਸਬੰਧੀ ਸੁਤੰਤਰ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਸੈਂਕਡ਼ਿਆਂ ਦੀ ਗਿਣਤੀ ’ਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਸੰਬੋਧਨ ਕਰਨ ਲਈ ਮੁੱਖ ਰੂਪ ’ਚ ਆਏ ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੀ ਫਿਲਾਸਫੀ ਅਤੇ ਵਿਚਾਰਧਾਰਾ ਅੱਜ ਵੀ ਸਮੁੱਚੀ ਦੁਨੀਆ ਦੇ ਭਲੇ ਲਈ ਰਾਹ ਦਸੇਰਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ’ਚ ਜਦ ਰਾਜਿਆਂ ਦਾ ਦੌਰ ਸੀ, ਜਨਤਾ ’ਤੇ ਅੱਤਿਆਚਾਰ ਕਰਨ ਵਾਲੇ ਬਾਬਰ ਵਰਗੇ ਰਾਜਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਜਨਤਾ ਨੂੰ ਦਿਸ਼ਾ ਦਿਖਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੌਰਤ ਜਾਤ ਨੂੰ ਭੰਡਣ ਵਾਲਿਆਂ ਖਿਲਾਫ ਵੀ ਆਵਾਜ਼ ਚੁੱਕੀ ਅਤੇ ਅੌਰਤ ਦੇ ਰੁਤਬੇ ਨੂੰ ਵਡਿਆਇਆ। ਅਜੋਕੀ ਨੌਜਵਾਨ ਪੀਡ਼੍ਹੀ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੋਂ ਸਿੱਖਿਆ ਲੈਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨਾ ਚਾਹੀਦਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸੀ. ਪੀ. ਆਈ. ਜ਼ਿਲਾ ਫਾਜ਼ਿਲਕਾ ਦੇ ਸਕੱਤਰ ਸਾਥੀ ਹੰਸ ਰਾਜ ਗੋਲਡਨ ਨੇ ਕਿਹਾ ਕਿ ਅਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਜ਼ਿੰਦਗੀ ’ਚ ਨਾ ਬਰਾਬਰੀ ਖਿਲਾਫ ਆਵਾਜ਼ ਉਠਾਉਣ ਲਈ ਅੱਗੇ ਆ ਸਕਦੇ ਹਾਂ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਪਰਮਜੀਤ ਢਾਬਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੀ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ ਨੇ ਵਿਚਾਰ-ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੀ ਫਿਲਾਸਫੀ ’ਤੇ ਪੈਰਾ ਦੇਣ ਲਈ ਮਨਾ ਰਹੇ ਹਾਂ। ਅਜੋਕੇ ਸਮੇਂ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਪ੍ਰਸੰਗਤਾ ਅਤਿ ਮਹੱਤਵਪੂਰਨ ਹੈ। ਇਸ ਮੌਕੇ ਸੰਬੋਧਨ ਕਰਦਿਆਂ ਆਂਗਣਵਾਡ਼ੀ ਵਰਕਰਜ਼/ਹੈਲਪਰਜ਼ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਸਰੋਜ ਛੱਪਡ਼ੀਵਾਲਾ ਅਤੇ ਪੰਜਾਬ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸਾਥੀ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਈਮਾਨਦਾਰ ਅਤੇ ਸੱਚੇ ਲੋਕ ਹੀ ਬਾਬੇ ਨਾਨਕ ਦੇ ਸੱਚੇ ਅਣਿਆਈ ਹਨ। ਇਸ ਸਮੇਂ ਸੁਖਦੇਵ ਧਰਮੂਵਾਲਾ, ਹਰਭਜਨ ਛੱਪਡ਼ੀਵਾਲਾ, ਸੁਨੀਲ ਕੌਰ ਬੇਦੀ, ਸਤੀਸ਼ ਛੱਪਡ਼ੀਵਾਲਾ, ਬਲਵੀਰ ਕਾਠਗਡ਼੍ਹ, ਸੰਦੀਪ ਜੋਧਾ ਤੇ ਛਿੰਦਰ ਮਹਾਲਮ ਨੇ ਵੀ ਸੰਬੋਧਨ ਕੀਤਾ।