ਸੂਬਿਆਂ ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਦਾ ਅਸਰ ਲੋਕ ਸਭਾ ਚੋਣਾਂ ’ਤੇ ਪਵੇਗਾ : ਜੌੜਾ

12/12/2018 3:45:35 PM

ਫਿਰੋਜ਼ਪੁਰ (ਅਕਾਲੀਆਂਵਾਲਾ)– ਦੇਸ਼ ਦੇ ਕੁਝ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਮਿਲਣਾ ਇਹ ਦਰਸਾਉਂਦਾ ਹੈ ਕਿ ਦੇਸ਼ ਵਿਚ ਹੁਣ ਭਾਜਪਾ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸੱਤਾ ਸੰਭਾਲਣ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਏ ਕਿ ਉਹ ਇਕ ਹਵਾ ਸਾਬਤ ਹੋ ਗਏ, ਲੋਕਾਂ ਨੂੰ ਹਕੀਕੀ ਰੂਪ ’ਚ ਕੋਈ ਵੀ ਸਹੂਲਤ ਨਹੀਂ ਮਿਲੀ, ਜਿਸ ਕਾਰਨ ਲੋਕਾਂ ਨੇ ਪੌਣੇ ਪੰਜ ਵਰ੍ਹਿਆਂ ਦਾ ਕਾਰਜਕਾਲ ਨਾਪਦਿਆਂ ਭਾਜਪਾ ਨੂੰ ਇਨ੍ਹਾਂ ਰਾਜਾਂ ਵਿਚ ਫਤਵਾ ਨਹੀਂ ਦਿੱਤਾ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਕਮੇਟੀ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਾਂਗਰਸ ਨੂੰ ਮਿਲੀ ਵੱਡੀ ਲੀਡ ’ਤੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਚੱਲਦੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਇਨ੍ਹਾਂ ਸੂਬਿਆਂ ’ਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਿੱਧਾ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਤੇ ਪਵੇਗਾ ਅਤੇ ਹੁਣ ਉਹ ਦਿਨ ਦੂਰ ਨਹੀਂ ਜਦ ਦੇਸ਼ ਦੇ ਲੋਕ ਕੁਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੀ ਵਾਂਗਡੋਰ ਸੌਂਪਣਗੇ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਆਈ ਸੱਤਾ ਤਬਦੀਲੀ ਦਾ ਸਿਹਰਾ ਵੀ ਰਾਹੁਲ ਗਾਂਧੀ ਨੂੰ ਜਾਂਦਾ ਹੈ ਅਤੇ ਇਹ ਇਕ ਇਤਿਹਾਸਕ ਤਬਦੀਲੀ ਹੈ। ਇਸ ਮੌਕੇ ਬਲਜਿੰਦਰ ਸਿੰਘ ਸਰਪੰਚ, ਗੁਰਮੀਤ ਸਿੰਘ ਜ਼ੀਰਾ, ਸੁਖਵਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਸਾਬਕਾ ਪ੍ਰਧਾਨ, ਮੁੱਖਾ ਸਿੰਘ ਨੰਬਰਦਾਰ, ਮੇਹਰ ਸਿੰਘ ਸਰਪੰਚ, ਨਿਰਮਲ ਸਿੰਘ ਨੰਬਰਦਾਰ ਦੂਲਾ ਸਿੰਘ ਵਾਲਾ, ਬਚਿੱਤਰ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ ਸੰਧੂ, ਮਨੋਜ ਕਟਾਰੀਆ, ਸਾਹਿਬ ਸਿੰਘ ਸੁਧਾਰਾ, ਸਰਵਣ ਸਿੰਘ ਮੈਂਬਰ, ਕੁਲਵੰਤ ਸਿੰਘ ਸ਼ਾਹ ਆਦਿ ਹਾਜ਼ਰ ਸਨ।