ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਗੋਲ਼ੀਆਂ, ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤੀ ਹਮਲਾ

09/26/2022 12:13:26 PM

ਫਿਰੋਜ਼ਪੁਰ(ਮਲਹੋਤਰਾ, ਪਰਮਜੀਤ, ਖੁੱਲਰ) : ਸ਼ਨੀਵਾਰ ਸ਼ਾਮ ਮੋਦੀ ਮਿੱਲ ਰੋਡ ’ਤੇ ਨੌਜਵਾਨ ’ਤੇ ਹਮਲਾ ਕਰ ਕੇ ਉਸ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਮਲਾ ਕਰਨ ਦੇ ਦੋਸ਼ ’ਚ ਥਾਣਾ ਸਿਟੀ ਪੁਲਸ ਨੇ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਉਰਫ ਰਿੰਕੂ ਗਰੋਵਰ, ਐੱਮ. ਸੀ. ਪਰਮਿੰਦਰ ਸਿੰਘ ਹਾਂਡਾ, ਐੱਮ. ਸੀ. ਪਿੰਟੂ ਕਪਾਹੀ, ਵਕੀਲ ਗੁਲਸ਼ਨ ਮੋਂਗਾ ਸਮੇਤ 13 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਲੁਧਿਆਣਾ ਦੇ ਹਸਪਤਾਲ ’ਚ ਦਾਖਲ ਹੈ।

ਇਹ ਵੀ ਪੜ੍ਹੋ- ਬੁਢਲਾਡਾ ’ਚ ਵੱਡੀ ਵਾਰਦਾਤ, ਘਰ ’ਚ ਸੁੱਤੇ ਪਏ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ

ਥਾਣਾ ਸਿਟੀ ਦੇ ਏ. ਐੱਸ. ਆਈ. ਸ਼ਰਮਾ ਸਿੰਘ ਦੇ ਅਨੁਸਾਰ ਸੰਦੀਪ ਧਵਨ ਵਾਸੀ ਕਸੂਰੀ ਗੇਟ ਨੇ ਦੱਸਿਆ ਕਿ ਉਨ੍ਹਾਂ ਦੀ ਸਾਈਂ ਪੇਂਟ ਸਟੋਰ ਦੀਆਂ ਦੋ ਦੁਕਾਨਾਂ ਕਸੂਰੀ ਗੇਟ ਅਤੇ ਮੱਲਵਾਲ ਰੋਡ ’ਤੇ ਸਥਿਤ ਹਨ। ਕਸੂਰੀ ਗੇਟ ਵਾਲੀ ਦੁਕਾਨ ’ਤੇ ਉਸਦੇ ਦੋ ਭਰਾ ਮਨੀਸ਼ ਧਵਨ ਅਤੇ ਅਮਿਤ ਧਵਨ ਬੈਠਦੇ ਹਨ ਜਦਕਿ ਉਹ ਮੱਲਵਾਲ ਰੋਡ ਵਾਲੀ ਦੁਕਾਨ ’ਤੇ ਬੈਠਦਾ ਹੈ। ਉਸ ਨੇ ਦੱਸਿਆ ਕਿ ਸ਼ਨੀਵਾਰ ਬਾਅਦ ਦੁਪਹਿਰ ਰੋਟੀ ਖਾਣ ਤੋਂ ਬਾਅਦ ਜਦ ਉਹ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਮੋਦੀ ਮਿੱਲ ਰੋਡ ’ਤੇ ਜੋਸਨ ਡੇਅਰੀ ਦੇ ਕੋਲ ਐੱਮ. ਸੀ. ਪਰਵਿੰਦਰ ਉਰਫ ਪਿੰਟੂ ਕਪਾਹੀ ਅਤੇ ਪਵਨ ਉਰਫ ਪੰਮਾ ਮਹਿਤਾ ਖੜ੍ਹੇ ਸਨ, ਜਿਨ੍ਹਾਂ ਨੇ ਉਸ ਨੂੰ ਆਵਾਜ਼ ਮਾਰ ਕੇ ਰੋਕ ਲਿਆ ਅਤੇ ਧਮਕਾਇਆ ਕਿ ਅੱਜ ਉਸ ਦੇ ਨਾਲ ਨਿਬੜਨਾ ਹੈ। ਸੰਦੀਪ ਧਵਨ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਇਸ ਗੱਲ ਦੀ ਜਾਣਕਾਰੀ ਤੁਰੰਤ ਆਪਣੇ ਭਰਾ ਅਮਿਤ ਧਵਨ ਨੂੰ ਦਿੱਤੀ ਤਾਂ ਅਮਿਤ ਉਥੇ ਪਹੁੰਚ ਗਿਆ।

ਇਹ ਵੀ ਪੜ੍ਹੋ- ਮਲੋਟ ’ਚ ਦਿਲ ਕੰਬਾਊ ਵਾਰਦਾਤ, ਇਕੱਲਾ ਧੜ ਦੇਖ ਦਹਿਲੇ ਲੋਕ, ਬੋਰੀ ’ਚ ਪਿਆ ਮਿਲਿਆ ਵੱਢਿਆ ਹੋਇਆ ਸਿਰ

ਇਸ ਤੋਂ ਕੁਝ ਸਮੇਂ ਬਾਅਦ ਸਰਕਾਰੀ ਇਨੋਵਾ ਗੱਡੀ ’ਚ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ ਰਿੰਕੂ ਗਰੋਵਰ, ਐੱਮ. ਸੀ. ਪਰਮਿੰਦਰ ਸਿੰਘ ਹਾਂਡਾ, ਸਾਬਕਾ ਐੱਮ. ਸੀ. ਮਰਕਸ ਭੱਟੀ, ਸ਼ਾਂਤੀ ਨਗਰ ਵਾਸੀ ਕਸ਼ਮੀਰ ਦਾ ਮੁੰਡਾ , ਪਿੰਟੂ ਕਪਾਹੀ ਦਾ ਸਹੁਰਾ ਵਰਿੰਦਰ ਕਟਾਰੀਆ, ਭਰਾ ਸੋਨੂੰ ਕਪਾਹੀ ਅਤੇ ਪਿੰਟੂ ਕਪਾਹੀ ਦਾ ਸਾਲਾ ਕੁਸ਼ ਕਟਾਰੀਆ ਤੇ ਉਨ੍ਹਾਂ ਦੇ ਤਿੰਨ ਅਣਪਛਾਤੇ ਸਮੇਤ ਉਥੇ ਪਹੁੰਚ ਗਏ। ਪਰਮਿੰਦਰ ਹਾਂਡਾ ਨੇ ਲਲਕਾਰਦਿਆਂ ਕਿਹਾ ਕਿ ਇਸ ਨੂੰ ਅੱਜ ਸੁੱਕਾ ਨਹੀਂ ਜਾਣ ਦੇਣਾ। ਜਿਸ ਤੋਂ ਬਾਅਦ ਰਿੰਕੂ ਗਰੋਵਰ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਪਿੰਟੂ ਕਪਾਹੀ ਨੇ ਆਪਣੀ ਰਿਵਾਲਵਰ ਕੱਢ ਕੇ ਅਮਿਤ ਵੱਲ ਫਾਇਰ ਕੀਤਾ, ਜਿਸ ’ਚ ਉਹ ਮਸਾਂ ਬਚਿਆ। ਇਸ ਤੋਂ ਬਾਅਦ ਮਰਕਸ ਭੱਟੀ ਤੇ ਕਸ਼ਮੀਰ ਦੇ ਮੁੰਡੇ ਉਸ ਦੇ ਪਿੱਛੇ ਲੱਗ ਗਏ ਤੇ ਪਿੰਟੂ ਨੇ ਇਕ ਹੋਰ ਫਾਇਰ ਉਸ ਵੱਲ ਕੀਤਾ ਜੋ ਉਸਦੇ ਲੱਕ ਦੇ ਕੋਲ ਲੱਗਾ। ਸੋਨੂੰ ਕਪਾਹੀ ਤੇ ਕੁਸ਼ ਕਟਾਰੀਆ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੀਆਂ ਲੱਤਾਂ ’ਤੇ ਕਈ ਵਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਦੇ ਰੌਲਾ ਪਾਉਣ ’ਤੇ ਜਦ ਰਾਹਗੀਰ ਇਕੱਠੇ ਹੋਣ ਲੱਗੇ ਤਾਂ ਦੋਸ਼ੀ ਉਥੋਂ ਭੱਜ ਗਏ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto