ਫਰੀਦਕੋਟ ਦੀ ਇਕ ਅਜਿਹੀ ਡਿਸਪੈਂਸਰੀ ਜਿੱਥੇ ਮਰੀਜ਼ਾਂ ਤੋਂ ਜ਼ਿਆਦਾ ਨਜ਼ਰ ਆਉਂਦੇ ਹਨ ਸੱਪ

08/09/2022 5:53:14 PM

ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੀ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਫਰੀਦਕੋਟ ਦੀ ਡਿਸਪੈਂਸਰੀ ਆਪਣੇ ਹਾਲ ਨੂੰ ਹੰਝੂ ਵਹਾ ਰਹੀ ਹੈ। ਸਰਕਾਰ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ ਹੈ ਪਰ ਸੂਬੇ ਦੇ ਪਿੰਡਾਂ ਵਿੱਚ ਖੁੱਲ੍ਹੇ ਪੁਰਾਣੇ ਕਮਿਊਨਿਟੀ ਸੈਂਟਰਾਂ, ਸਬ-ਸੈਂਟਰਾਂ ਅਤੇ ਡਿਸਪੈਂਸਰੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਦੱਸ ਦੇਈਏ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂਵਾਲਾ 'ਚ ਬਣੇ ਸਬ-ਸੈਂਟਰ ਅਤੇ ਡਿਸਪੈਂਸਰੀ ਹਸਪਤਾਲ ਦੀ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਹਾਲਾਂਕਿ ਇਸ ਡਿਸਪੈਂਸਰੀ 'ਚ ਪਿੰਡ ਵਾਸੀਆਂ ਨੂੰ ਛੱਡ ਕੇ ਨਾਲ ਲੱਗਦੇ ਹੋਰ ਪਿੰਡਾਂ ਦੇ ਲੋਕ ਵੀ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਹਸਪਤਾਲ ਹੀ ਹਾਲਾਤ ਜ਼ਮੀਨੀ ਪੱਧਰ 'ਤੇ ਬਹੁਤ ਮਾੜੀ ਹੈ। ਇੱਥੇ ਮਰੀਜ਼ਾਂ ਤੋਂ ਜ਼ਿਆਦਾ ਸੱਪ ਦੇਖਣ ਨੂੰ ਮਿਲਦੇ ਹਨ ਅਤੇ ਘੱਟੋ-ਘੱਟ 2-3 ਵਾਰ ਸੱਪ ਦੇਖਿਆ ਗਿਆ ਹੈ। ਜਿਸ ਕਾਰਨ ਡਾਕਟਰਾਂ ਅਤੇ ਕੰਮ ਕਰਨ ਵਾਲਿਆਂ 'ਚ ਸਹਿਮ ਦਾ ਮਾਹੌਲ ਪਸਰਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸੱਪਾਂ ਦੇ ਡਰ ਕਾਰਨ ਹੁਣ ਮਰੀਜ਼ ਵੀ ਡਿਸਪੈਂਸਰੀ ’ਚ ਆਉਣ ਤੋਂ ਡਰਦੇ ਹਨ। 

ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਰੂਪਨਗਰ ਦਾ ਖਣਨ ਐਕਸੀਅਨ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਇਸ ਤੋਂ ਇਲਾਵਾ ਮੀਂਹ ਪੈਣ ਕਾਰਨ ਵੀ ਹਸਪਤਾਲ 'ਚ ਪਾਣੀ ਭਰ ਜਾਂਦਾ ਹੈ , ਜੋ ਕਿ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਸਟਾਫ਼ ਦੀ ਘਾਟ ਅਤੇ ਜ਼ਰੂਰਤ ਵਾਲੀਆਂ ਦਵਾਈਆਂ ਨਾ ਹੋਣ ਕਾਰਨ ਵੀ ਮਰੀਜ਼ਾਂ ਨੇ ਇਸ ਹਸਪਤਾਲ ਤੋਂ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਹੀ ਬਸ ਨਹੀਂ , ਇੱਥੋਂ ਦੇ ਸਬ-ਸੈਂਟਰ 'ਚ ਵੀ ਕਈ ਵਾਰ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਜਾ ਚੁੱਕਾ ਹੈ। ਇਸ ਮੌਕੇ ਦਵਾਈ ਲੈਣ ਆਏ ਮਰੀਜ਼ ਨੇ ਗੱਲ ਕਰਦਿਆਂ ਦੱਸਿਆ ਕਿ ਇੱਥੇ ਨਾ ਤਾਂ ਪੂਰੀ ਦਵਾਈ ਮਿਲਦੀ ਹੈ ਅਤੇ ਸਿਹਤ ਸਹੂਲਤਾਂ ਦੀ ਵੀ ਘਾਟ ਹੈ। ਭਾਰੀ ਮੀਂਹ ਕਾਰਨ ਹਸਪਤਾਲ 'ਚ ਡੇਢ ਫੁੱਟ ਤੋਂ 2 ਫੁੱਟ ਤੱਕ ਪਾਣੀ ਭਰ ਜਾਂਦਾ ਹੈ , ਜਿਸ ਨੂੰ ਦੇਖ ਦੇ ਮਰੀਜ਼ ਪੈਰ ਪਿੱਛੇ ਨੂੰ ਪੁੱਟ ਲੈਂਦੇ ਹਨ। 

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਇਸ ਮੌਕੇ ਡਿਸਪੈਂਸਰੀ ਅਤੇ ਸਬ-ਸੈਂਟਰ 'ਚ ਤੈਨਾਤ ਡਾਕਟਰ ਨੇ ਗੱਲ ਕਰਦਿਆਂ ਕਿਹਾ ਕਿ ਉਹ ਪਿਛਲੇ 11 ਸਾਲਾਂ ਤੋਂ ਇਸ ਸੈਂਟਰ ਵਿੱਚ ਕੰਮ ਕਰ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਵੀ 2 ਸਾਲ ਉਨ੍ਹਾਂ ਦੀ ਡਿਊਟੀ ਕੋਵਿਡ ਸੈਂਟਰ ਫਰੀਦਕੋਟ 'ਚ ਲੱਗੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਬਦਲੀ ਇੱਥੇ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਉਹ ਇਕੱਲੇ ਹੀ ਇੱਥੇ ਕੰਮ ਕਰ ਰਹੇ ਹਨ ਅਤੇ ਨਾ ਹੀ ਕੋਈ ਫਾਰਮਾਸਿਸਟ ਹੈ ਅਤੇ ਸਟਾਫ਼ ਦੀ ਘਾਟ ਹੋਣ ਕਾਰਨ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਲਡਿੰਗ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਮਰੀਜ਼ਾਂ ਨੂੰ ਨਿੱਕੇ ਜਿਹੇ ਕਮਰੇ 'ਚ ਹੀ ਦਵਾਈ ਦੇਣ ਨੂੰ ਮਜ਼ਬੂਰ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁਹੱਲਾ ਕਲੀਨਿਕਾਂ ਦਾ ਉਪਰਾਲਾ ਬਹੁਤ ਵਧੀਆ ਹੈ ਪਰ ਪੁਰਾਣੀਆਂ ਬਿਲਡਿੰਗਾਂ ਦਾ ਵੀ ਨਵੀਨੀਕਰਨ ਕੀਤਾ ਜਾਵੇ ਅਤੇ ਸਟਾਫ਼ ਤੇ ਦਵਾਈਆਂ ਦਾ ਘਾਟ ਨੂੰ ਵੀ ਪੂਰਾ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।

Simran Bhutto

This news is Content Editor Simran Bhutto