ਨੌਜਵਾਨ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਦੇ ਮਾਮਲੇ ਵਿਚ 4 ਕਾਬੂ

08/13/2022 6:26:48 PM

ਮਲੋਟ (ਜੁਨੇਜਾ, ਗੋਇਲ) : 4 ਦਿਨ ਪਹਿਲਾਂ ਇਕ ਨੌਜਵਾਨ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਦੇ ਮਾਮਲੇ ਵਿਚ ਕੀਤੀ ਜਾਂਚ ਉਪਰੰਤ ਸਿਟੀ ਮਲੋਟ ਦੀ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ 8 ਅਗਸਤ ਨੂੰ ਦੀਪਕ ਕੁਮਾਰ ਪੁੱਤਰ ਰੱਤੀ ਰਾਮ ਵਾਸੀ ਜਮਨਾ ਐੱਮ. ਸੀ. ਵਾਲੀ ਗਲੀ ਮਲੋਟ ਦੀ ਮੌਤ ਹੋ ਗਈ ਸੀ। ਇਸ ਸਬੰਧੀ ਜ਼ਿਲ੍ਹਾ ਪੁਲਸ ਦੇ ਸੀਨੀਅਰ ਕਪਤਾਨ ਡਾ. ਸਚਿਨ ਗੁਪਤਾ ਦੇ ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦੀਆਂ ਹਦਾਇਤਾਂ ’ਤੇ ਪੁਲਸ ਵੱਲੋਂ ਕੀਤੀ ਜਾਂਚ-ਪੜਤਾਲ ਤੋਂ ਬਾਅਦ 5 ਵਿਅਕਤੀਆਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਵਿਰੁੱਧ ਉਕਤ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਨਾਮਜ਼ਦ ਕਰ ਕੇ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮ੍ਰਿਤਕ ਦੀਪਕ ਕੁਮਾਰ ਪਹਿਲਾਂ ਨਸ਼ਾ ਕਰਦਾ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਉਹ ਨਸ਼ਾ ਛੱਡ ਚੁੱਕਾ ਸੀ ਪਰ ਜਿਨ੍ਹਾਂ ਸਮੱਗਲਰਾਂ ਤੋਂ ਦੀਪਕ ਨਸ਼ਾ ਲੈਂਦਾ ਸੀ, ਉਹ ਨਹੀਂ ਚਾਹੁੰਦੇ ਸਨ ਕਿ ਉਹ ਨਸ਼ਾ ਛੱਡੇ। ਇਸ ਰੰਜਿਸ਼ ਤਹਿਤ ਹੈਪੀ ਪੁੱਤਰ ਰਾਜੂ ਵਾਸੀ ਜਮਨਾ ਐੱਮ. ਸੀ. ਵਾਲੀ ਗਲੀ ਮਲੋਟ, ਉਸ ਦਾ ਭਰਾ ਪ੍ਰਕਾਸ਼ ਚੰਦਰ ਉਰਫ ਕਾਕੂ, ਜਗਦੀਪ ਕੁਮਾਰ ਉਰਫ ਕੁੱਕੀ ਬਾਬਾ ਪੁੱਤਰ ਅਣਪਛਾਤੇ ਵਾਸੀ ਗੁਰੂ ਨਾਨਕ ਨਗਰੀ ਗਲੀ ਨੰਬਰ 8 ਮਲੋਟ, ਹਰਮਨ ਸਿੰਘ ਪੁੱਤਰ ਹਰਦੀਪ ਸਿੰਘ ਉਰਫ ਕੀਪਣ, ਹਾਲ ਆਬਾਦ ਬੈਕਸਾਈਡ ਗੁਲਸ਼ਨ ਸਵੀਟ ਹਾਊਸ ਅਤੇ ਜੈ ਚੰਦ ਉਰਫ ਲਵਲੀ ਪੁੱਤਰ ਮੱਖਣ ਲਾਲ ਵਾਸੀ ਗੁਰੂ ਨਾਨਕ ਨਗਰ ਮਲੋਟ ਅਤੇ ਅਣਪਛਾਤੇ ਸਾਥੀਆਂ ਨੇ 8 ਅਗਸਤ ਨੂੰ ਦੀਪਕ ਨੂੰ ਬੁਰਜਾਂ ਫਾਟਕ ਨੇੜੇ ਫੜ ਕੇ ਕੁੱਟ-ਮਾਰ ਕੀਤੀ ਅਤੇ ਉਸ ਨੂੰ ਨਸ਼ੇ ਦਾ ਟੀਕਾ ਲਾ ਦਿੱਤਾ, ਜਿਸ ਨਾਲ ਦੀਪਕ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨਹੀਂ ਹੱਲ ਹੋ ਰਿਹਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਸਰਗਰਮ ਮਾਮਲਾ

ਦੋਸ਼ੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਡਰਾਇਆ-ਧਮਕਾਇਆ, ਜਿਸ ਕਰ ਕੇ ਪਰਿਵਾਰ ਨੇ ਬਿਨਾਂ ਪੁਲਸ ਨੂੰ ਜਾਣਕਾਰੀ ਦਿੱਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਪ੍ਰਕਾਸ਼ ਚੰਦ ਉਰਫ ਕਾਕੂ, ਜਗਦੀਪ ਕੁਮਾਰ ਕੁੱਕੀ ਬਾਬਾ, ਹਰਮਨ ਅਤੇ ਜੈ ਚੰਦ ਲਵਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha