ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 11 ਕੌਂਸਲਰਾਂ ਨੇ ਪ੍ਰਧਾਨ ਖ਼ਿਲਾਫ਼ ਕਾਰਜ ਸਾਧਕ ਅਫ਼ਸਰ ਨੂੰ ਦਿੱਤਾ ਪੱਤਰ

04/22/2023 12:27:22 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਦੇ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਣ ਲਈ ਪਹਿਲੀ ਕਾਰਵਾਈ ਕਰਦਿਆਂ ਅੱਜ 11 ਕੌਂਸਲਰਾਂ ਵੱਲੋਂ ਪੱਤਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਗਿਰਧਰ ਨੂੰ ਸੌਂਪ ਦਿੱਤਾ ਗਿਆ। ਜਿਵੇਂ ਕਿ ਪਹਿਲਾਂ ਹੀ ਚਰਚਾਵਾਂ ਚੱਲ ਰਹੀਆਂ ਸਨ ਕਿ ਨਗਰ ਕੌਂਸਲ ਪ੍ਰਧਾਨ ਤੋਂ ਨਾਖੁਸ਼ ਕੌਂਸਲਰ ਕਿਸੇ ਵੀ ਸਮੇਂ ਬੇਭਰੋਸਗੀ ਦਾ ਮਤਾ ਲਿਆਉਣ ਲਈ ਪੱਤਰ ਦੇ ਸਕਦੇ ਹਨ। ਇਹ ਚਰਚਾਵਾਂ ਅੱਜ ਸੱਚ ਸਾਬਿਤ ਹੋਈਆਂ। ਅੱਜ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਸਬੰਧੀ ਬੇਭਰੋਸਯਗੀ ਮਤਾ ਲਿਆਉਣ ਦੀ ਪਹਿਲੀ ਕਾਰਵਾਈ ਕਰਦਿਆ ਰੈਕੋਜ਼ਿਸ਼ਨ ਪੱਤਰ ਦਿੱਤਾ ਗਿਆ।

ਇਸ ਪੱਤਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਵੰਦਨਾ ਸ਼ਰਮਾ, ਰੁਪਿੰਦਰ ਕੌਰ ਬੱਤਰਾ, ਮਨਜੀਤ ਕੌਰ ਪਾਸ਼ਾ, ਮਨਦੀਪ ਕੌਰ, ਸਰੋਜ ਰਾਣੀ, ਰਿੰਕੂ ਰਾਣੀ ਧੂੜੀਆ, ਦੇਸਾ ਸਿੰਘ, ਭਵਨਦੀਪ ਕੌਰ, ਹਰਦੀਪ ਕੌਰ, ਕੁਲਵਿੰਦਰ ਸਿੰਘ ਸ਼ੌਂਕੀ ਤੋਂ ਇਲਾਵਾ ਆਜ਼ਾਦ ਕੌਂਸਲਰ ਵਿਕਰਮਜੀਤ ਸਿੰਘ ਦੇ ਦਸਤਖ਼ਤ ਹਨ। ਕਾਰਜ ਸਾਧਕ ਅਫ਼ਸਰ ਨੂੰ ਦਿੱਤੇ ਗਏ ਰੈਕੋਜ਼ੀਸ਼ਨ ਪੱਤਰ ’ਚ ਇਨ੍ਹਾਂ ਕੌਂਸਲਰਾਂ ਨੇ ਲਿਖਿਆ ਹੈ ਕਿ ਅਸੀਂ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਾਂ ਕਿਉਂਕਿ ਸਾਡੇ ਵਾਰਡਾਂ ਦੇ ਵਿਕਾਸ ਸਬੰਧੀ ਕੰਮਾਂ ਵਿਚ ਸਾਡੀ ਕੋਈ ਸੁਣਵਾਈ ਨਹੀਂ ਹੈ, ਇਸ ਕਰਕੇ ਅਸੀਂ ਬੇਭਰੋਸਯਗੀ ਸਬੰਧੀ ਰੈਕੋਜੀਸ਼ਨ ਦੇ ਰਹੇ ਹਾਂ। ਕੌਂਸਲਰਾਂ ਨੇ ਹਾਊਸ ਦੀ ਮੀਟਿੰਗ ਬੁਲਾ ਕੇ ਪ੍ਰਧਾਨ ਨੂੰ ਬਹੁਮਤ ਸਿੱਧ ਕਰਨ ਲਈ ਇਸ ਪੱਤਰ ਵਿਚ ਲਿਖਿਆ ਹੈ।

ਇਸ ਤਰ੍ਹਾਂ ਚੱਲ ਰਹੀ ਹੈ ਆਪੋ-ਧਾਪੀ

ਨਗਰ ਕੌਂਸਲ ਪ੍ਰਧਾਨ ਵਿਰੁੱਧ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇਕਜੁੱਟ ਹੋ ਕਿ ਬੇਭਰੋਸਗੀ ਸਬੰਧੀ ਰੈਕੋਜੀਸ਼ਨ ਪੱਤਰ ਦੇ ਚੁੱਕੇ ਹਨ, ਉੱਥੇ ਹੀ ਸੂਤਰਾਂ ਅਨੁਸਾਰ ਕਾਂਗਰਸ ਦੇ ਆਪਣੇ 17 ਕੌਂਸਲਰਾਂ ’ਚੋਂ ਵੀ ਕਈ ਪ੍ਰਧਾਨ ਤੋਂ ਨਾਖੁਸ਼ ਹਨ। ਇਸ ਸਬੰਧੀ ਬੀਤੇ ਦਿਨੀਂ ਇਕ ਹੋਟਲ ਵਿਚ ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਵੀ ਹੋਈ, ਜਿਸ ’ਚ ਵੱਖੋ-ਵੱਖਰੇ ਸੁਰ ਦੇ ਚੱਲਦਿਆ ਇਸ ਸਬੰਧੀ ਕੋਈ ਅਗਾਊਂ ਫੈਸਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਉਪਰੰਤ ਲੈਣ ਸਬੰਧੀ ਸਹਿਮਤੀ ਬਣੀ। ਕਾਂਗਰਸ ਦੇ ਉਹ ਕੌਂਸਲਰ ਜੋ ਪ੍ਰਧਾਨ ਨਗਰ ਕੌਂਸਲ ਤੋਂ ਨਾਖੁਸ਼ ਸਨ, ਇਸ ਸਹਿਮਤੀ ਤੋਂ ਬਾਅਦ ਚੁੱਪ ਕਰ ਗਏ ਅਤੇ ਪੰਜਾਬ ਪ੍ਰਧਾਨ ਨਾਲ ਮੀਟਿੰਗ ਦੀ ਉਡੀਕ ਕਰਨ ਲੱਗੇ ਪਰ ਇਸ ਦਰਮਿਆਨ ਹੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਇਹ ਰੈਕੋਜੀਸ਼ਨ ਪੱਤਰ ਸੌਂਪ ਦਿੱਤਾ ਗਿਆ।

ਬੇਭਰੋਸਗੀ ਮਤਾ ਪਾਸ ਕਰਵਾਉਣ ਲਈ ਚਾਹੀਦਾ ਇਹ ਅੰਕੜਾ

ਨਗਰ ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੈਕੋਜੀਸ਼ਨ ਪੱਤਰ ਦੇਣ ਸਮੇਂ ਕੁਲ 31 ਕੌਂਸਲਰਾਂ ਦਾ ਪੰਜਵਾਂ ਹਿੱਸਾ ਇਹ ਪੱਤਰ ਦੇ ਸਕਦਾ ਸੀ ਅਤੇ ਇਹ ਕੋਰਮ ਅਕਾਲੀ ਦਲ ਵੱਲੋਂ ਪੂਰਾ ਕਰ ਵੀ ਲਿਆ ਗਿਆ ਪਰ ਹੁਣ ਜੇਕਰ ਬੇਭਰੋਸਗੀ ਮਤਾ ਪਾਸ ਕਰਵਾਉਣਾ ਹੈ ਤਾਂ ਪ੍ਰਧਾਨ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਮਤਾ ਲਿਆਉਣ ਵਾਲੀ ਧਿਰ ਨੂੰ 22 ਕੌਂਸਲਰਾਂ ਦੀ ਲੋੜ ਹੋਵੇਗੀ, ਜਦਕਿ ਪ੍ਰਧਾਨ ਨੂੰ ਭਰੋਸੇ ਦਾ ਵੋਟ ਹਾਸਿਲ ਕਰਨ ਲਈ 11 ਕੌਂਸਲਰ ਹੀ ਚਾਹੀਦੇ ਹਨ। ਅਕਾਲੀ ਦਲ ਕੋਲ ਇਸ ਸਮੇਂ ਆਪਣੇ 11 ਕੌਂਸਲਰ ਹਨ, ਇਸ ਲਈ ਬੇਭਰੋਸਗੀ ਮਤਾ ਪਾਸ ਕਰਵਾਉਣ ਲਈ ਉਨ੍ਹਾਂ ਨੂੰ ਕਾਂਗਰਸ ਦੇ ਕੌਂਸਲਰਾਂ ਦਾ ਸਾਥ ਚਾਹੀਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਕਾਲੀ ਦਲ ਵੱਲੋਂ ਦਿੱਤੇ ਗਏ ਰੈਕੋਜੀਸ਼ਨ ਪੱਤਰ ਉਪਰੰਤ ਭਰੋਸੇ ਦਾ ਵੋਟ ਹਾਸਿਲ ਕਰਨ ਲਈ ਜੇਕਰ ਨਿਯਮਾਂ ਅਨੁਸਾਰ ਪ੍ਰਧਾਨ ਮੀਟਿੰਗ ਰੱਖਦਾ ਹੈ ਤਾਂ ਕੀ ਕਾਂਗਰਸ ਦੇ ਕੌਂਸਲਰ ਅਕਾਲੀ ਦਲ ਵੱਲੋਂ ਲਿਆਂਦੇ ਗਏ ਮਤੇ ਦੇ ਹੱਕ ’ਚ ਭੁਗਤਣਗੇ ਜਾਂ ਆਪਣੀ ਹੀ ਪਾਰਟੀ ਦੇ ਪ੍ਰਧਾਨ ਦੇ ਹੱਕ ਵਿਚ ਭੁਗਤਣਗੇ।

ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਅਕਸ ਦਾ ਸਵਾਲ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਹਨ, ਨੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਉਸ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਬਹੁਤੇ ਕੌਂਸਲਰ ਸਿੱਧੇ ਤੌਰ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਪਰਕ ’ਚ ਹਨ। ਇਸ ਸਮੇਂ ਜਦੋਂ ਜਲੰਧਰ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਇਨ੍ਹਾਂ ਕੌਂਸਲਰਾਂ ਨੂੰ ਇਕਜੁੱਟ ਰੱਖਣ ’ਚ ਕਾਮਯਾਬ ਹੋ ਸਕਣਗੇ, ਇਹ ਆਉਣ ਵਾਲੇ ਦਿਨਾਂ ’ਚ ਦੇਖਣਾ ਹੋਵੇਗਾ। ਰਾਜਸੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਲਿਆਂਦੇ ਇਸ ਮਤੇ ’ਚ ਜੇਕਰ ਕਾਂਗਰਸ ਦੇ ਕੌਂਸਲਰ ਅਕਾਲੀ ਦਲ ਦੇ ਮਤੇ ਦੇ ਹੱਕ ਵਿਚ ਆਪਣੇ ਹੀ ਪਾਰਟੀ ਵੱਲੋਂ ਚੁਣ ਨਗਰ ਕੌਂਸਲ ਪ੍ਰਧਾਨ ਵਿਰੁੱਧ ਖੜ੍ਹਦੇ ਹਨ ਤਾਂ ਇਸ ਦੀ ਚਰਚਾ ਜਲੰਧਰ ਲੋਕ ਸਭਾ ਚੋਣਾਂ ਤੱਕ ਹੋਵੇਗੀ।

ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ

ਇਸ ਸਬੰਧੀ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਗਿਰਧਰ ਨੇ ਕਿਹਾ ਕਿ ਨਿਯਮਾਂ ਮੁਤਾਬਿਕ ਰੈਕੋਜੀਸ਼ਨ ਪੱਤਰ ਲਈ ਕੁੱਲ ਕੌਂਸਲਰਾਂ ਦਾ ਪੰਜਵਾਂ ਹਿੱਸਾ ਕੌਂਸਲਰ ਇਹ ਪੱਤਰ ਦੇ ਸਕਦੇ ਹਨ। ਅੱਜ ਇਸ ਸਬੰਧੀ ਕੋਰਮ ਪੂਰਾ ਕਰਕੇ ਇਹ ਪੱਤਰ ਦਿੱਤਾ ਗਿਆ, ਜਿਸ ਵਿਚ 11 ਕੌਂਸਲਰਾਂ ਦੇ ਦਸਤਖ਼ਤ ਹਨ ਅਤੇ 8 ਕੌਂਸਲਰ ਮੌਕੇ ’ਤੇ ਹਾਜ਼ਰ ਸਨ। ਉਨ੍ਹਾਂ ਇਸ ਪੱਤਰ ਸਬੰਧੀ ਪ੍ਰਧਾਨ ਨਗਰ ਕੌਂਸਲ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਨਿਯਮ ਅਨੁਸਾਰ ਇਹ ਪੱਤਰ ਪ੍ਰਾਪਤ ਹੋਣ ਤੋਂ ਬਾਅਦ 14 ਦਿਨ ਵਿਚ ਪ੍ਰਧਾਨ ਨਗਰ ਕੌਂਸਲ ਨੇ ਮੀਟਿੰਗ ਬੁਲਾ ਕੇ ਬਹੁਮਤ ਸਿੱਧ ਕਰਨਾ ਹੈ।

ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ

ਪੂਰੇ ਮਾਮਲੇ ਸਬੰਧੀ ਜਦ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਸਬੰਧੀ ਸੂਚਨਾਂ ਨਹੀਂ ਮਿਲੀ। ਜੇਕਰ ਅਜਿਹਾ ਹੋਇਆ ਤਾਂ ਉਹ ਆਪਣੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਉਪਰੰਤ ਅਗਲੀ ਰਣਨੀਤੀ ਬਣਾਉਣਗੇ।

Manoj

This news is Content Editor Manoj