ਦੇਸ਼ ਦੇ ਅੰਨ੍ਹਦਾਤੇ ਲਈ ਬਾਲੀਵੁੱਡ ਨੇ ਧਾਰੀ ਖ਼ਾਮੋਸ਼ੀ, ਆਖ਼ਰ ਕਿਉਂ ਨਹੀਂ ਬੋਲ ਰਹੇ ਇਕ ਵੀ ਸ਼ਬਦ?

12/07/2020 12:54:11 PM

ਜਲੰਧਰ (ਬਿਊਰੋ) : ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਲਾਕਾਰਾਂ ਦੀ ਭਰਪੂਰ ਹਮਾਇਤ ਮਿਲ ਰਹੀ ਹੈ ਪਰ ਬਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਕੋਈ ਖ਼ਾਸ ਸਮਰਥਨ ਨਹੀਂ ਮਿਲ ਰਿਹਾ ਹੈ। ਕੁਝ ਫ਼ਿਲਮੀ ਸਿਤਾਰਿਆਂ ਨੇ ਕਿਸਾਨ ਅੰਦੋਲਨ ਉੱਪਰ ਕਈ ਸਵਾਲ ਚੁੱਕੇ ਹਨ, ਹਾਲਾਂਕਿ ਉਨ੍ਹਾਂ ਨੂੰ ਵੀ ਪੰਜਾਬ ਦੇ ਕਲਾਕਾਰਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀਆਂ ਤੱਕ ਸੀਮਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਬਾਲੀਵੁੱਡ ਦੇ ਵੱਡੇ ਕਲਾਕਾਰ ਨਹੀਂ ਬੋਲੇ। ਇੱਥੋਂ ਤੱਕ ਧਰਮਿੰਦਰ ਨੇ ਵੀ ਟਵੀਟ ਕਰਨ ਤੋਂ ਕੁਝ ਦੇਰ ਬਾਅਦ ਹੀ ਆਪਣੇ ਟਵੀਟ ਨੂੰ ਡਿਲੀਟ ਕਰ ਦਿੱਤਾ। ਬਾਲੀਵੁੱਡ ਦੀ ਚੁੱਪੀ ਤੋਂ ਹਰ ਕੋਈ ਹੈਰਾਨ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਆਇਆ ਬਾਲੀਵੁੱਡ, ਪ੍ਰਿਅੰਕਾ ਤੇ ਸੋਨਮ ਕਪੂਰ ਨੇ ਆਖੀ ਇਹ ਗੱਲ

ਇਸ ਉੱਪਰ ਸਵਾਲ ਚੁੱਕਦਿਆਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬਾਲੀਵੁੱਡ ਦੀ ਹਮਾਇਤ ਦੀ ਸਭ ਤੋਂ ਵੱਧ ਲੋੜ ਸੀ। ਉਨ੍ਹਾਂ ਟਵੀਟ ਕੀਤਾ, 'ਪਿਆਰੇ ਬਾਲੀਵੁੱਡ, ਹਮੇਸ਼ਾ ਤੁਹਾਡੀਆਂ ਫ਼ਿਲਮਾਂ ਪੰਜਾਬ 'ਚ ਬਹੁਤ ਕਾਮਯਾਬ ਰਹੀਆਂ ਅਤੇ ਇੱਥੇ ਹਰ ਵਾਰ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਤਾਂ ਤੁਸੀਂ ਨਾ ਆਏ ਤੇ ਨਾ ਹੀ ਇਕ ਵੀ ਸ਼ਬਦ ਕਿਹਾ। ਬਹੁਤ ਨਿਰਾਸ਼ਾ ਹੋਈ।' ਜੈਜ਼ੀ ਬੀ ਨੇ ਗਰੇਵਾਲ ਦੀ ਹਮਾਇਤ ਕਰਦਿਆਂ ਟਵੀਟ ਕੀਤਾ, 'ਜਿਨ੍ਹਾਂ ਦੀ ਜ਼ਮੀਰ ਜਿਊਂਦੀ ਹੈ, ਉਹ ਹਮਾਇਤ ਲਈ ਆ ਰਹੇ ਹਨ।'

ਇਹ ਖ਼ਬਰ ਵੀ ਪੜ੍ਹੋ : ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ 

ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਦਿੱਲੀ 'ਚ ਚੱਲ ਰਹੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਦਿਲਜੀਤ ਦੋਸਾਂਝ ਸ਼ਨੀਵਾਰ ਨੂੰ ਅਮਰੀਕਾ ਤੋਂ ਸਿੱਧਾ ਧਰਨੇ ਵਾਲੀ ਥਾਂ 'ਤੇ ਪਹੁੰਚੇ। ਦਿਲਜੀਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਇੱਥੇ ਕੁਝ ਕਹਿਣ ਨਹੀਂ ਸਗੋਂ ਤੁਹਾਨੂੰ ਸੁਣਨ ਆਇਆ ਹਾਂ। ਮੈਂ ਤੁਹਾਨੂੰ ਇਤਿਹਾਸ ਰਚਣ ਲਈ ਮੁਬਾਰਕਾਂ ਦਿੰਦਾ ਹਾਂ। ਅਸੀਂ ਹਮੇਸ਼ਾ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਹੀ ਸੁਣੀਆਂ ਸਨ ਪਰ ਹੁਣ ਅਸੀਂ ਇਤਿਹਾਸ ਸਿਰਜੇ ਜਾਣ ਦੇ ਪਲਾਂ ਦਾ ਗਵਾਹ ਬਣ ਰਹੇ ਹਾਂ।'

ਇਹ ਖ਼ਬਰ ਵੀ ਪੜ੍ਹੋ : ਬੇਬੇ ਨੂੰ ਗ਼ਲਤ ਬੋਲ ਬੁਰੀ ਫਸੀ ਕੰਗਨਾ ਰਣੌਤ, ਹੁਣ ਲੁਧਿਆਣਾ ਤੋਂ ਭੇਜਿਆ ਗਿਆ ਕਾਨੂੰਨੀ ਨੋਟਿਸ

 

ਨੋਟ : ਬਾਲੀਵੁੱਡ ਸਿਤਾਰਿਆਂ ਦਾ ਦੇਸ਼ ਦੇ ਅੰਨ੍ਹਦਾਤਾ ਲਈ ਮੂੰਹ 'ਤੇ ਚੁੱਪੀ ਰੱਖਣ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

sunita

This news is Content Editor sunita