ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਨਹੀਂ ਹੋਇਆ ਦਿਹਾਂਤ, ਧੀ ਨੇ ਕੀਤੀ ਪੁਸ਼ਟੀ

11/24/2022 10:23:50 AM

ਮੁੰਬਈ (ਬਿਊਰੋ) - ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਧੀ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ। ਵਿਕਰਮ ਗੋਖਲੇ ਦੀ ਧੀ ਨੇ ਕਿਹਾ ਹੈ ਕਿ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਪਰ ਉਨ੍ਹਾਂ ਦਾ ਦਿਹਾਂਤ ਨਹੀਂ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। 

ਨਿਊਜ਼ ਏਜੰਸੀ ਏ. ਐੱਨ. ਆਈ. ਨੇ ਦੱਸਿਆ ਕਿ ਵਿਕਰਮ ਗੋਖਲੇ ਦੀ ਧੀ ਨੇ ਪੁਸ਼ਟੀ ਕੀਤੀ ਹੈ, 'ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਦੀ ਮੌਤ ਨਹੀਂ ਹੋਈ ਹੈ। ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰੋ। ਅਦਾਕਾਰ ਦੀ ਪਤਨੀ ਨੇ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਦਿੱਗਜ ਅਦਾਕਾਰ ਵਿਕਰਮ ਗੋਖਲੇ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲੀ ਸੀ, ਜਿਸ 'ਤੇ ਉਨ੍ਹਾਂ ਦੀ ਪਤਨੀ ਵਰੁਸ਼ਾਲੀ ਗੋਖਲੇ ਨੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਹਾਲੇ ਜ਼ਿੰਦਾ ਹੈ। ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇੱਥੋਂ ਦੇ ਇੱਕ ਹਸਪਤਾਲ ਦੇ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਅਦਾਕਾਰ ਦੀ ਸਿਹਤ ਨੂੰ ਲੈ ਕੇ ਵੀਰਵਾਰ ਸਵੇਰੇ ਇਕ ਬਿਆਨ ਜਾਰੀ ਕਰਨ ਦੀ ਗੱਲ ਕਹੀ ਗਈ ਹੈ।

ਦੱਸਣਯੋਗ ਹੈ ਕਿ 77 ਸਾਲਾ ਅਦਾਕਾਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਜ਼ੇਰੇ ਇਲਾਜ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਉਸ ਦੀ ਹਾਲਤ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗੋਖਲੇ ਪਰਿਵਾਰ ਨੇ ਮੀਡੀਆ ਰਿਪੋਰਟਾਂ 'ਚ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita