ਤਾਂ ਇਸ ਵਜ੍ਹਾ ਕਰਕੇ ਕੋਰੀਓਗ੍ਰਾਫ਼ਰ ਸਰੋਜ ਖਾਨ ਨੇ ਆਪਣੇ ਤੋਂ 30 ਸਾਲ ਵੱਡੇ ਸ਼ਖ਼ਸ ਨਾਲ ਕਰਵਾਇਆ ਸੀ ਵਿਆਹ

07/04/2020 12:57:35 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖਾਨ ਭਾਵੇਂ ਇਸ ਦੁਨੀਆ 'ਚ ਨਹੀਂ ਰਹੀ ਪਰ ਬਾਲੀਵੁੱਡ 'ਚ ਅਜਿਹਾ ਕੋਈ ਅਦਾਕਾਰ ਤੇ ਅਦਾਕਾਰਾ ਨਹੀਂ ਜਿਹੜੀ ਉਨ੍ਹਾਂ ਦੇ ਇਸ਼ਾਰਿਆਂ 'ਤੇ ਥਿਰਕਿਆ ਨਾ ਹੋਵੇ। ਇਸ ਖ਼ਬਰ ਰਾਹੀਂ ਤੁਹਾਨੂੰ ਸਰੋਜ ਖਾਨ ਦੀ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਹੜੀਆਂ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ। ਸਰੋਜ ਖਾਨ ਦੀ ਜ਼ਿੰਦਗੀ ਵੀ ਕਿਸੇ ਫ਼ਿਲਮ ਦੀ ਕਹਾਣੀ ਵਾਂਗ ਹੈ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਸਰੋਜ ਖਾਨ ਦਾ ਅਸਲ ਨਾਂ ਨਿਰਮਲਾ ਨਾਗਪਾਲ ਹੈ। ਸਰੋਜ ਦੇ ਪਿਤਾ ਦਾ ਨਾਂ ਕਿਸ਼ਨਚੰਦ ਤੇ ਮਾਂ ਦਾ ਨਾਂ ਨੋਨੀ ਸਿੰਘ ਹੈ। ਦੇਸ਼ ਦੀ ਵੰਡ ਤੋਂ ਬਾਅਦ ਸਰੋਜ ਦਾ ਸਾਰਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ।

ਸਰੋਜ ਖਾਨ ਨੇ ਸਿਰਫ਼ 3 ਸਾਲ ਦੀ ਉਮਰ 'ਚ ਚਾਈਲਡ ਆਰਟਿਸਟ ਦੇ ਤੌਰ 'ਤੇ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਫ਼ਿਲਮ ਦਾ ਨਾਂ 'ਨਜਰਾਨਾ' ਸੀ, ਜਿਸ 'ਚ ਉਨ੍ਹਾਂ ਨੇ ਸ਼ਯਾਮਾ ਨਾਂ ਦੀ ਬੱਚੀ ਦਾ ਕਿਰਦਾਰ ਨਿਭਾਇਆ ਸੀ। 50 ਦੇ ਦਹਾਕੇ 'ਚ ਉਨ੍ਹਾਂ ਨੇ ਬਤੌਰ ਬੈਕਗਰਾਉਂਡ ਡਾਂਸਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਰੋਜ ਖਾਨ ਨੇ ਕੋਰੀਓਗ੍ਰਾਫ਼ਰ ਬੀ. ਸੋਹਨਲਾਲ ਨਾਲ ਟ੍ਰੇਨਿੰਗ ਲਈ ਸੀ।

ਸਾਲ 1978 'ਚ ਆਈ ਫ਼ਿਲਮ 'ਗੀਤਾ ਮੇਰਾ ਨਾਮ' ਨਾਲ ਉਨ੍ਹਾਂ ਨੇ ਬਤੌਰ ਕੋਰੀਓਗ੍ਰਾਫ਼ਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਸਰੋਜ ਖਾਨ ਨੂੰ ਫ਼ਿਲਮ 'ਮਿਸਟਰ ਇੰਡੀਆ', 'ਨਗੀਨਾ', 'ਤੇਜ਼ਾਬ', 'ਥਾਣੇਦਾਰ' ਅਤੇ 'ਬੇਟਾ' ਨਾਲ ਪਛਾਣ ਮਿਲੀ ਸੀ। ਸਰੋਜ ਖਾਨ ਨੇ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕਰਵਾਇਆ ਸੀ। ਉਸ ਸਮੇਂ ਦੋਹਾਂ ਦੀ ਉਮਰ 'ਚ 30 ਸਾਲ ਦਾ ਫ਼ਰਕ ਸੀ। ਵਿਆਹ ਸਮੇਂ ਸਰੋਜ ਖਾਨ ਦੀ ਉਮਰ 13 ਜਦੋਂ ਉਹ ਸਕੂਲ 'ਚ ਪੜ੍ਹਦੀ ਸੀ ਉਸ ਸਮੇਂ ਉਸ ਦੇ ਡਾਂਸ ਮਾਸਟਰ ਨੇ ਉਨ੍ਹਾਂ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਬਾਅਦ 'ਚ ਸਰੋਜ ਖਾਨ ਨੇ ਇਸਲਾਮ ਧਰਮ ਕਬੂਲ ਲਿਆ। ਸਰੋਜ ਮੁਤਾਬਿਕ ਇਹ ਧਰਮ ਉਨ੍ਹਾਂ ਨੇ ਬਿਨ੍ਹਾਂ ਕਿਸੇ ਦੇ ਦਬਾਅ ਤੋਂ ਕਬੂਲ ਕੀਤਾ ਹੈ।

ਸਾਲ 1963 'ਚ ਸਰੋਜ ਖਾਨ ਦੇ ਬੇਟੇ ਰਾਜੂ ਖਾਨ ਦਾ ਜਨਮ ਹੋਇਆ ਤਾਂ ਉਨ੍ਹਾਂ ਨੂੰ ਸੋਹਨ ਲਾਲ ਦੇ ਦੂਜੇ ਵਿਆਹ ਦਾ ਪਤਾ ਲੱਗਿਆ। ਸਰੋਜ ਨੇ 1965 'ਚ ਦੂਜੇ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੀ ਮੌਤ ਹੋ ਗਈ। ਸਰੋਜ ਦੇ ਬੱਚਿਆਂ ਨੂੰ ਸੋਹਨ ਲਾਲ ਨੇ ਆਪਣਾ ਨਾਂ ਦੇਣ ਤੋਂ ਮਨਾ ਕਰ ਦਿੱਤਾ, ਜਿਸ ਕਰਕੇ ਦੋਹਾਂ 'ਚ ਦੂਰੀਆ ਵੱਧ ਗਈਆਂ। ਸਰੋਜ ਖਾਨ ਦੀ ਇੱਕ ਬੇਟੀ ਕੁੱਕੂ ਵੀ ਹੈ। ਸਰੋਜ ਖਾਨ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਇੱਕਲੀ ਨੇ ਹੀ ਕੀਤੀ ਸੀ।

sunita

This news is Content Editor sunita