ਬਾਲੀਵੁੱਡ ਦੀ ਪਹਿਲੀ ਪਸੰਦ ਬਣਿਆ ਉੱਤਰ ਪ੍ਰਦੇਸ਼, ਵੱਡੇ-ਵੱਡੇ ਫ਼ਿਲਮਸਟਾਰ ਕਰ ਰਹੇ ਨੇ ਸ਼ੂਟਿੰਗ

08/03/2021 5:16:59 PM

ਉੱਤਰ ਪ੍ਰਦੇਸ਼ (ਬਿਊਰੋ)– ਓ. ਟੀ. ਟੀ. ਪਲੇਟਫਾਰਮ ਦੀ ਪਹਿਲੀ ਪਸੰਦ ਬਣਨ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਮੁੰਬਈ ਦੇ ਫ਼ਿਲਮਸਟਾਰਾਂ ਲਈ ਪਸੰਦੀਦਾ ਜਗ੍ਹਾ ਬਣਦੀ ਜਾ ਰਹੀ ਹੈ। ਯੋਗੀ ਸਰਕਾਰ ਦੀ ਫ਼ਿਲਮ ਪਾਲਿਸੀ ਦਾ ਹੀ ਅਸਰ ਹੈ ਕਿ ਅੱਜ ਉੱਤਰ ਪ੍ਰਦੇਸ਼ ਬਾਲੀਵੁੱਡ ਲਈ ਨਵੀਆਂ ਉਮੀਦਾਂ ਤੋਂ ਘੱਟ ਨਹੀਂ ਹੈ। ਅੱਜ ਬਾਲੀਵੁੱਡ ’ਚ ਯੂ. ਪੀ. ਦੇ ਬੈਕਗਰਾਊਂਡ ਨੂੰ ਧਿਆਨ ’ਚ ਰੱਖ ਕੇ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਰਤ ’ਚ ਬਣਨ ਵਾਲੀ ਲਗਭਗ ਹਰ ਚੌਥੀ-ਪੰਜਵੀਂ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ’ਚ ਹੋ ਰਹੀ ਹੈ।

ਅਜੇ ਹਾਲ ਦੀਆਂ ਫ਼ਿਲਮਾਂ ਦੇ ਨਾਵਾਂ ’ਤੇ ਨਜ਼ਰ ਮਾਰੀਏ ਤਾਂ ਅਦਾਕਾਰ ਪੰਕਜ ਤ੍ਰਿਪਾਠੀ ਦੀ ‘ਕਾਗਜ਼’ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ’ਚ ਹੋਈ, ਅਕਸ਼ੇ ਕੁਮਾਰ ਦੀ ਵੱਡੇ ਬਜਟ ਦੀ ਫ਼ਿਲਮ ‘ਰਾਮਸੇਤੂ’ ਦੀ ਸ਼ੂਟਿੰਗ ਅਯੋਧਿਆ ’ਚ ਕੀਤੀ ਗਈ, ਕਾਰਤਿਕ ਆਰੀਅਨ ਸਟਾਰਰ ‘ਭੂਲ ਭੁਲਈਆ 2’ ਦੀ ਸ਼ੂਟਿੰਗ ਲਖਨਊ ’ਚ, ਅਜੇ ਦੇਵਗਨ ਦੀ ਫ਼ਿਲਮ ‘ਮੈਦਾਨ’ ਦੀ ਸ਼ੂਟਿੰਗ ਵੀ ਉੱਤਰ ਪ੍ਰਦੇਸ਼ ’ਚ ਹੋਈ, ਨਾਲ ਹੀ ਅਭਿਸ਼ੇਕ ਬੱਚਨ ਦੀ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਉੱਤਰ ਪ੍ਰਦੇਸ਼ ਹੀ ਸੀ।

ਯੋਗੀ ਸਰਕਾਰ ਦੀ ਫ਼ਿਲਮ ਨਿਰਮਾਣ ਹੁੰਗਾਰਾ ਪਾਲਿਸੀ ਦੇ ਸਾਕਾਰਤਮਕ ਅਸਰ ਕਾਰਨ ਇੰਨੀਆਂ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਯੂ. ਪੀ. ’ਚ ਹੋਣ ਤੋਂ ਬਾਅਦ ਇਸ ਦੀ ਅਗਲੀ ਸੀਰੀਜ਼ ’ਚ ਵੱਡੇ ਫ਼ਿਲਮਕਾਰ ਕੁਮਾਰ ਮੰਗਤ ਪਾਠਕ ਦੀ ਫ਼ਿਲਮ ‘ਖ਼ੁਦਾ ਹਾਫਿਜ਼ 2’ ਦੀ ਸ਼ੂਟਿੰਗ ਲਖਨਊ ਦੇ ਕ੍ਰਿਸਚੀਅਨ ਕਾਲਜ ’ਚ ਚੱਲ ਰਹੀ ਹੈ।

ਅੱਜ ਕ੍ਰਿਸਚੀਅਨ ਕਾਲਜ ’ਚ ਲਖਨਊ ’ਚ ਬਾਲੀਵੁੱਡ ਅਦਾਕਾਰ ਵਿਦੁਤ ਜੰਮਵਾਲ ਸਟਾਰਰ ‘ਖ਼ੁਦਾ ਹਾਫਿਜ਼ 2’ ਦੀ ਸ਼ੂਟਿੰਗ ਸ਼ੁਰੂ ਹੋਈ ਤੇ ਅਗਲੇ 2 ਮਹੀਨਿਆਂ ਤਕ ਫ਼ਿਲਮ ਉੱਤਰ ਪ੍ਰਦੇਸ਼ ’ਚ ਹੀ ਸ਼ੂਟ ਹੋਵੇਗੀ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸਿਧਾਰਥਨਾਥ ਸਿੰਘ ਨੇ ਸ਼ੂਟ ਲੋਕੇਸ਼ਨ ’ਤੇ ਪਹੁੰਚ ਕੇ ਫ਼ਿਲਮ ਯੂਨਿਟ ਨਾਲ ਜੁੜੇ ਲੋਕਾਂ ਦਾ ਉਤਸ਼ਾਹ ਵਧਾਇਆ ਤੇ ਉਨ੍ਹਾਂ ਦੀ ਹਰ ਜ਼ਰੂਰਤ ਯੋਗੀ ਸਰਕਾਰ ਵਲੋਂ ਪੂਰੀ ਕੀਤੀ ਜਾਣ ਦਾ ਭਰੋਸਾ ਵੀ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh