ਦੁਖ਼ਦਾਇਕ ਖ਼ਬਰ: ਭਾਰਤੀ ਮੂਲ ਦੀ ਪਾਕਿਸਤਾਨੀ ਅਦਾਕਾਰਾ ਤਲਤ ਸਿੱਦੀਕੀ ਦਾ ਹੋਇਆ ਦਿਹਾਂਤ

05/11/2021 10:06:53 AM

ਮੁੰਬਈ: ਕੋਰੋਨਾ ਕਾਲ ’ਚ ਹਰ ਪਾਸਿਓਂ ਦਰਦ ਦੇਣ ਵਾਲੀਆਂ ਖ਼ਬਰਾਂ ਹੀ ਸਾਹਮਣੇ ਆ ਰਹੀਆਂ ਹਨ। ਹੁਣ ਪਾਕਿਸਤਾਨ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੀ ਪਾਕਿਸਤਾਨੀ ਅਦਾਕਾਰਾ ਤਲਤ ਸਿੱਦੀਕੀ ਦਾ ਦਿਹਾਂਤ ਹੋ ਗਿਆ ਹੈ। ਸ਼ਿਮਲਾ ’ਚ ਪੈਦਾ ਹੋਈ ਅਦਾਕਾਰਾ ਨੇ 82 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। 


ਸੂਤਰਾਂ ਮੁਤਾਬਕ ਤਲਤ ਕਾਫ਼ੀ ਸਮੇਂ ਤੋਂ ਬਿਮਾਰ ਸੀ। ਇਸ ਤੋਂ ਬਾਅਦ ਆਖ਼ਿਰਕਾਰ ਖ਼ਬਰ ਆਈ ਕਿ ਉਹ ਨਹੀਂ ਰਹੀ। ਕਨਾਲ ਵਿਊ ਸੋਸਾਇਟੀ ਦੇ ਕੋਲ ਉਨ੍ਹਾਂ ਨੂੰ ਆਪਣੀ ਰਿਹਾਇਸ਼ ਨੇੜੇ ਇਕ ਕਬਰੀਸਤਾਨ ’ਚ ਸਪੁਰਦ-ਏ-ਖਾਕ ਕੀਤਾ ਗਿਆ। ਤਲਤ ਆਰਿਫਾ ਸਿੱਦੀਕੀ ਅਤੇ ਅਨੁਭਵੀ ਡਾਂਸਰ ਨਾਹਿਦ ਸਿੱਦੀਕੀ ਦੀ ਮਾਂ ਸੀ ਅਤੇ ਗਾਇਕਾ ਫਰੀਹਾ ਪਰਵੇਜ਼ ਦੀ ਆਂਟੀ ਸੀ।


ਦੱਸ ਦੇਈਏ ਕਿ ਤਲਤ ਸਿੱਦੀਕੀ ਨੇ ‘ਛੋਟੀ ਭੈਣ’, ‘ਦਰਦ-ਏ-ਦਿਲ’, ‘ਮਾਂ-ਬਾਪ’, ‘ਲੋਰੀ’ ਅਤੇ ‘ਇਨਸਾਨ ਇਕ ਤਮਾਸ਼ਾ’ ਵਰਗੀਆਂ ਮਸ਼ਹੂਰ ਫ਼ਿਲਮਾਂ ’ਚ ਕੰਮ ਕੀਤਾ ਸੀ। ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ 30 ਸਾਲ ਫ਼ਿਲਮ ਇੰਡਸਟਰੀ ਨੂੰ ਦਿੱਤੇ। ‘ਦਿਲਨਸ਼ੀ’, ‘ਕਾਲੀਆ’ ਅਤੇ ‘ਹੈਦਰ ਸੁਲਤਾਨ’ ਵਰਗੀਆਂ ਹਿੱਟ ਫ਼ਿਲਮਾਂ ਉਨ੍ਹਾਂ ਦੀਆਂ ਸਭ ਤੋਂ ਪਸੰਦੀਦਾ ਫ਼ਿਲਮਾਂ ’ਚੋਂ ਸਨ।

Aarti dhillon

This news is Content Editor Aarti dhillon