ਫ਼ਿਲਮ ‘ਸ਼ੂਟਰ’ ‘ਤੇ ਲੱਗੀ ਪਾਬੰਦੀ ਹਟੀ, ਜਲਦ ਹੋਵੇਗੀ ਸਿਨੇਮਾਂ ਘਰਾਂ ‘ਚ ਰਿਲੀਜ਼

12/01/2021 1:00:53 PM

ਚੰਡੀਗੜ੍ਹ- ਫ਼ਿਲਮ ‘ਸ਼ੂਟਰ’ ਜਿਸ ਦਾ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਜਲਦ ਹੀ ਉਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਕਿਉਂਕਿ ਫ਼ਿਲਮ ਦੇ ਨਾਲ ਜੁੜੇ ਇਕ ਅਦਾਕਾਰ ਸ਼ੁਭ ਸੰਧੂ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਇਹ ਫ਼ਿਲਮ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। ਦਰਅਸਲ ਇਸ ਫ਼ਿਲਮ ‘ਤੇ ਲੱਗਿਆ ਬੈਨ ਹਟ ਚੁੱਕਿਆ ਹੈ ਅਤੇ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਦੇ ਲਈ ਤਿਆਰ ਹੈ। ਜੈ ਰੰਧਾਵਾ, ਸ਼ੁਭ ਸੰਧੂ, ਵੱਡਾ ਗਰੇਵਾਲ ਅਤੇ ਇੰਡਸਟਰੀ ਦੇ ਕਈ ਹੋਰ ਨਾਮੀ ਕਲਾਕਾਰਾਂ ਦੀ ਅਦਾਕਾਰੀ ਵਾਲੀ ਫ਼ਿਲਮ ਵਿਵਾਦਪੂਰਨ ਫ਼ਿਲਮਾਂ ਚੋਂ ਇਕ ਹੈ। ਜਿਸ ਕਰਕੇ ਇਸ ਫ਼ਿਲਮ ‘ਤੇ ਬੈਨ ਲੱਗ ਗਿਆ ਸੀ, ਇਸ ਫ਼ਿਲਮ ਦਾ ਪਹਿਲਾਂ ਨਾਮ ‘ਸੁੱਖਾ ਕਾਹਲੋਂ’ ਰੱਖਿਆ ਗਿਆ ਸੀ। ਜੋ ਕਿ ਪੰਜਾਬ ਦਾ ਇਕ ਨਾਮੀ ਗੈਂਗਸਟਰ ਸੀ। ਜਿਸ ਤੋਂ ਬਾਅਦ ਇਸ ਫ਼ਿਲਮ ਦਾ ਨਾਂ ਬਦਲ ਕੇ ‘ਸ਼ੂਟਰ’ ਰੱਖ ਦਿੱਤਾ ਗਿਆ ਸੀ।


ਇਸ ਫ਼ਿਲਮ ਦੇ ਨਾਲ ਜੈ ਰੰਧਾਵਾ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਇਹ ਫ਼ਿਲਮ 21 ਫਰਵਰੀ 2020 ਨੂੰ ਰਿਲੀਜ਼ ਹੋਣੀ ਸੀ। ਪਰ ਵਿਵਾਦਿਤ ਹੋਣ ਕਾਰਨ ਅਤੇ ਗੈਂਗਸਟਰਵਾਦ ਨੂੰ ਵਧਾਵਾ ਦੇਣ ਕਰਕੇ ਇਸ ਫ਼ਿਲਮ ‘ਤੇ ਬੈਨ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੋਰੋਨਾ ਮਹਾਮਾਰੀ ਕਾਰਨ ਸਭ ਸਿਨੇਮਾਂ ਘਰ ਬੰਦ ਹੋ ਗਏ ਅਤੇ ਇਹ ਫ਼ਿਲਮ ਇਸੇ ਤਰ੍ਹਾਂ ਅੱਧ ਵਿਚਾਲੇ ਹੀ ਰਹਿ ਗਈ ਅਤੇ ਇਸ ਦੇ ਰਿਲੀਜ਼ ਨੂੰ ਲੈ ਕੇ ਕੋਈ ਵੀ ਫ਼ੈਸਲਾ ਨਹੀਂ ਹੋ ਸਕਿਆ। ਪਰ ਹੁਣ ਅਦਾਕਾਰ ਸ਼ੁਭ ਸੰਧੂ ਨੇ ਫ਼ਿਲਮ ਦੇ ਇਕ ਸੀਨ ਤੋਂ ਇਕ ਸ਼ਾਟ ਦੀ ਇਕ ਇੰਸਟਾਗ੍ਰਾਮ ਪੋਸਟ ਅਪਲੋਡ ਕੀਤੀ ਅਤੇ ਘੋਸ਼ਣਾ ਕੀਤੀ ਕਿ ਸ਼ੂਟਰ 'ਤੇ ਲੱਗੀ ਪਾਬੰਦੀ ਆਖਰਕਾਰ ਹਟਾ ਦਿੱਤੀ ਗਈ ਹੈ। ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਜਲਦੀ ਹੀ ਰਿਲੀਜ਼ ਦੀ ਮਿਤੀ ਦੀ ਉਮੀਦ ਕਰ ਸਕਦੇ ਹਾਂ। ਹੁਣ ਵੇਖਣਾ ਇਹ ਹੋਵੇਗਾ ਕਿ ਦਰਸ਼ਕ ਕਦੋਂ ਇਸ ਫ਼ਿਲਮ ਨੂੰ ਸਿਨੇਮਾਂ ਘਰਾਂ ‘ਚ ਵੇਖ ਸਕਣਗੇ।

Aarti dhillon

This news is Content Editor Aarti dhillon